ਬੀ. ਐੱਸ. ਚਾਨਾ
ਕੀਰਤਪੁਰ ਸਾਹਿਬ, 25 ਜੂਨ
ਸਥਾਨਕ ਦਾਣਾ ਮੰਡੀ ਨੇੜੇ ਝੁੱਗੀਆਂ ਬਣਾ ਕੇ ਰਹਿੰਦੇ ਪਰਵਾਸੀ ਮਜ਼ਦੂਰਾਂ ਤੋਂ ਜ਼ਮੀਨ ਖਾਲੀ ਕਰਵਾਉਣ ਲਈ ਅੱਜ ਅੱਜ ਕਰੀਬ 12 ਵਜੇ ਗਮਾਡਾ ਵਿਭਾਗ ਦੇ ਅਧਿਕਾਰੀ ਆਪਣੀ ਫੋਰਸ ਨਾਲ ਪੁੱਜੇ। ਜਿਸ ਮਗਰੋਂ ਉਨ੍ਹਾਂ ਨੂੰ ਝੁੱਗੀਆਂ ਵਾਲਿਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਬਰੰਗ ਵਾਪਸ ਮੁੜਨਾ ਪਿਆ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗਮਾਡਾ ਵਿਭਾਗ ਨੇ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਨੂੰ 24 ਕਨਾਲ ਜ਼ਮੀਨ ਦਾਣਾ ਮੰਡੀ ਨੇੜੇ ਕੁਝ ਸਾਲ ਪਹਿਲਾਂ ਵੇਚੀ ਸੀ, ਜਿਸ ਦਾ ਕਬਜ਼ਾ ਗਮਾਡਾ ਵੱਲੋਂ ਟਰੱਕ ਯੂਨੀਅਨ ਨੂੰ ਨਹੀਂ ਦਿੱਤਾ ਗਿਆ ਸੀ ਤੇ ਉਕਤ ਜਗ੍ਹਾ ਤੇ ਪਰਵਾਸੀਆਂ ਦੀਆਂ ਲਗਪਗ 100-150 ਝੁੱਗੀਆਂ ਸਨ। ਇਸ ਸਬੰਧੀ ਟਰੱਕ ਯੂਨੀਅਨ ਨੇ 2015 ਵਿੱਚ ਕੇਸ ਦਰਜ ਕਰਕੇ ਜ਼ਮੀਨ ਦਾ ਹੱਕ ਦਿਵਾਏ ਜਾਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਗਮਾਡਾ ਦੇ ਸਟੇਟ ਅਫ਼ਸਰ ਅਤੇ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਅੱਜ ਗਮਾਡਾ ਦੇ ਐੈੱਸਡੀਓ ਅਵਦੀਪ ਸਿੰਘ ਤੇ ਹੋਰ ਅਧਿਕਾਰੀ ਆਪਣੀ ਫੋਰਸ ਲੈ ਕੇ ਝੁੱਗੀਆਂ ਹਟਾਉਣ ਲਈ ਪਹੁੰਚੇ। 20 ਦੇ ਕਰੀਬ ਝੁੱਗੀਆਂ ਤੋੜਨ ਤੋਂ ਬਾਅਦ ਰੋਹ ਵਿੱਚ ਆਏ ਝੁੱਗੀਆਂ-ਝੋਪੜੀਆਂ ਵਾਲਿਆਂ ਨੇ ਜੇਸੀਬੀ ਮਸ਼ੀਨ ਦੇ ਅੱਗੇ ਆ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਝੁੱਗੀਆਂ-ਝੋਪੜੀਆਂ ਵਾਲਿਆਂ ਦੇ ਰੋਹ ਨੂੰ ਦੇਖਦੇ ਹੋਏ ਗਮਾਡਾ ਦੇ ਅਧਿਕਾਰੀ ਤੇ ਕਮਰਚਾਰੀ ਕੰਮ ਛੱਡ ਕੇ ਚਲੇ ਗਏ। ਇਸ ਮੌਕੇ ਝੁੱਗੀਆਂ-ਝੋਪੜੀਆਂ ਵਾਲਿਆਂ ਨੇ ਉਕਤ ਅਧਿਕਾਰੀਆਂ ਅਤੇ ਸੁਰੱਖਿਆ ਫੋਰਸ ’ਤੇ ਪਥਰਾਅ ਵੀ ਕੀਤਾ। ਗਮਾਡਾ ਦੇ ਐੱਸਡੀਓ ਅਵਦੀਪ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਟਰੱਕ ਯੂਨੀਅਨ ਨੂੰ ਵੇਚੀ ਗਈ ਜ਼ਮੀਨ ਤੋਂ ਇਹ ਨਾਜਾਇਜ਼ ਕਬਜ਼ੇ ਹਟਾਊਣ ਲਈ ਊਕਤ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਝੁੱਗੀਆਂ-ਝੌਪੜੀਆਂ ਵਾਲਿਆਂ ਨੂੰ ਲਗਪਗ 3 ਮਹੀਨਿਆਂ ਪਹਿਲਾਂ ਇੱਥੋਂ ਹਟਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਮਗਰੋਂ ਅੱਜ ਊਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ। ਇਨ੍ਹਾਂ ਝੋਪੜੀਆਂ ’ਚ ਰਹਿੰਦੇ ਪਰਵਾਸੀਆਂ ਨੇ ਦੱਸਿਆ ਕਿ ਊਹ 30-35 ਸਾਲਾਂ ਤੋਂ ਇਥੇ ਰਹਿ ਰਹੇ ਹਨ, ਪਰ ਹੁਣ ਪ੍ਰਸ਼ਾਸਨ ਊਨ੍ਹਾਂ ਨੂੰ ਬਿਨਾ ਕਿਸੇ ਨੋਟਿਸ ਤੋਂ ਹਟਾ ਰਿਹਾ ਹੈ।