ਸ਼ਸ਼ੀ ਪਾਲ ਜੈਨ
ਖਰੜ, 26 ਮਈ
ਗਮਾਡਾ ਵਲੋਂ ਨਜ਼ਦੀਕੀ ਪਿੰਡ ਘੜੂੰਆਂ ਵਿਖੇ ਜਿਥੇ ਅਣਅਧਿਕਾਰਤ ਤੌਰ ’ਤੇ ਬਣਾਈ ਕਲੋਨੀਆਂ ਵਿੱਚ ਕਾਰਵਾਈ ਕੀਤੀ ਗਈ ਅਤੇ ਉਥੇ 25 ਦੇ ਕਰੀਬ ਸਟਰਕਚਰ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀਆਂ ਨੀਹਾਂ ਭਰੀਆਂ ਗਈਆਂ ਸਨ, ਨੂੰ ਢਾਹ ਦਿੱਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਮਾਡਾ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਜਿਹੀ ਹੀ ਕਾਰਵਾਈ ਪਿੰਡ ਝਾਮਪੁਰ ਵਿੱਚ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਘੜੂੰਆਂ ਵਿਖੇ ਯੂਨੀਵਰਸਿਟੀ ਦੇ ਸਾਹਮਣੇ ਵਾਲੀ ਖਾਲੀ ਥਾਂ ’ਤੇ ਕਟੀਆਂ ਗਈਆਂ 4 ਅਣਅਧਿਕਾਰਿਤ ਕਲੋਨੀਆਂ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇੱਥੇ ਵੱਖ ਵੱਖ ਪਲਾਟਾਂ ਦੀਆਂ ਨੀੱਹਾਂ ਭਰਨ ਦਾ ਕੰਮ ਚਲ ਰਿਹਾ ਸੀ ਜਿਹਨਾਂ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ। ਇਸ ਦੇ ਨਾਲ ਹੀ ਇੱਥੇ ਉਸਾਰੀਆਂ ਗਈਆਂ ਸੜਕਾਂ ਵਿਚਾਲੇ ਕੱਟ ਪਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਵਿਭਾਗ ਵੱਲੋਂ ਪੁਲੀਸ ਨੂੰ ਲਿਖਿਆ ਗਿਆ।