ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਮੁੰਡਾਪਿੰਡ ’ਚ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਇੱਕ ਵਿਅਕਤੀ ਨੇ ਚਾਕੂ ਮਾਰ ਕੇ ਆਪਣੇ ਜੀਜੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਮਾਂ ਸ਼ਿੰਦਰ ਕੌਰ ਪਤਨੀ ਮਰਹੂਮ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਪ੍ਰੀਤ ਸਿੰਘ ਦਾ ਵਿਆਹ ਮੁੰਡਾਪਿੰਡ ਨਿਵਾਸੀ ਪਲਵਿੰਦਰ ਕੌਰ ਨਾਲ ਹੋਇਆ ਸੀ। ਵਿਆਹ ਮਗਰੋਂ ਉਹ ਸਹੁਰੇ ਘਰ ਹੀ ਰਹਿੰਦਾ ਸੀ। ਸੋਮਵਾਰ ਨੂੰ ਉਹ ਆਪਣੇ ਲੜਕੇ ਨੂੰ ਮਿਲਣ ਆਈ ਸੀ। ਦੇਰ ਰਾਤ ਹਰਪ੍ਰੀਤ ਸਿੰਘ ਦਾ ਸਾਲਾ ਸੁਰਜੀਤ ਸਿੰਘ ਉਰਫ਼ ਨਿੱਕਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਘਰ ਆਇਆ ਤੇ ਉਸ ਦੇ ਲੜਕੇ ’ਤੇ ਚਾਕੂ ਨਾਲ ਹਮਲਾ ਕਰ ਦਿੱਤ। ਉਸ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ’ਤੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ।