ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਜਨਵਰੀ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਅਤੇ ਲੋਕਾਂ ਦੇ ਸਹਿਯੋਗ ਸਦਕਾ ਸੂਬੇ ਵਿੱਚ ‘ਜਨਮ ਸਮੇਂ ਲਿੰਗ ਅਨੁਪਾਤ’ ਦਰ ਵਿੱਚ 19 ਅੰਕਾਂ ਦਾ ਸੁਧਾਰ ਹੋਇਆ ਹੈ। ਇਸ ਨਾਲ ਹੁਣ ਰਾਜ ਵਿੱਚ 1 ਹਜ਼ਾਰ ਮੁੰਡਿਆਂ ਪਿੱਛੇ 920 ਕੁੜੀਆਂ ਹਨ ਜਦੋਂਕਿ 2018-19 ਵਿੱਚ ਇਹ ਗਿਣਤੀ 901 ਸੀ ਅਤੇ ਇਸ ਤੋਂ ਪਹਿਲਾਂ ਇਸ ਤੋਂ ਵੀ ਘੱਟ ਸੀ। ਉਨ੍ਹਾਂ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਜੱਚਾ-ਬੱਚਾ ਹਸਪਤਾਲ ਵਿੱਚ ਲੋਹੜੀ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਵਿੱਚ ਇਹ ਗੱਲ ਕਹੀ। ਸਿਹਤ ਮੰਤਰੀ ਨੇ ਜ਼ਿਲ੍ਹਾ ਹਸਪਤਾਲ ਵਿਚ ਅਪਣੇ ਹੱਥੀਂ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਦੇ ਕੇ ਲੋਹੜੀ ਦੀ ਵਧਾਈ ਦਿੱਤੀ ਅਤੇ ਜ਼ੱਚਾ-ਬੱਚਾ ਦੀ ਸਿਹਤ ਬਾਰੇ ਜਾਣਿਆ। ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧਾ ਪਾਇਆ। ਸਮਾਗਮ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਿਹਤ ਮੰਤਰੀ ਦੇ ਓਐੱਸਡੀ ਡਾ. ਬਲਵਿੰਦਰ ਸਿੰਘ, ਡਾਇਰੈਕਟਰ ਡਾ. ਜੀ.ਬੀ. ਸਿੰਘ, ਡਾਇਰੈਕਟਰ ਡਾ. ਅੰਦੇਸ਼ ਕੰਗ, ਡਾਇਰੈਕਟਰ ਈਐਸਆਈ ਡਾ. ਓਮ ਪ੍ਰਕਾਸ਼ ਗੋਜਰਾ, ਡਿਪਟੀ ਡਾਇਰੈਕਟਰ ਡਾ. ਰਾਜੂ ਧੀਰ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਬਲਜੀਤ ਕੌਰ, ਯੂਥ ਆਗੂ ਰਾਜਾ ਕੰਵਰਜੋਤ ਸਿੰਘ, ਰੁਪਿੰਦਰ ਕੌਰ ਰੁਪੀ, ਡਾ. ਵੀਨਾ ਜਰੇਵਾਲ, ਡਾ. ਨਿਧੀ, ਡਾ. ਨਵਜੋਤ ਕੌਰ, ਡਾ. ਰੇਨੂ ਸਿੰਘ, ਡਾ. ਵਿਜੇ ਭਗਤ, ਡਾ. ਐੱਚਐੱਸ ਚੀਮਾ, ਮੀਡੀਆ ਅਧਿਕਾਰੀ ਗੁਰਮੀਤ ਸਿੰਘ ਰਾਣਾ, ਗੁਰਦੀਪ ਕੌਰ, ਪੀਐੱਨਡੀਟੀ ਕੋਆਰਡੀਨੇਟਰ ਮੌਜੂਦ ਸਨ।