ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਜੂਨ
ਇਥੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਪੰਜਾਬ ਪੁਲੀਸ ਭਰਤੀ-2016 ਦੀਆਂ ਉਮੀਦਵਾਰ ਸੱਤ ਲੜਕੀਆਂ ਅਤਿ ਦੀ ਗਰਮੀ ਦੇ ਬਾਵਜੂਦ ਦੂਜੇ ਦਿਨ ਵੀ ਡਟੀਆਂ ਰਹੀਆਂ। ਟੈਂਕੀ ਉਪਰ ਗਰਮੀ ਲੱਗਣ ਕਾਰਨ ਇੱਕ ਲੜਕੀ ਦੀ ਸਿਹਤ ਵਿਗੜ ਗਈ ਹੈ, ਜਿਸਨੂੰ ਸਾਥੀ ਲੜਕੀਆਂ ਵੱਲੋਂ ਹੀ ਸੰਭਾਲਿਆ ਜਾ ਰਿਹਾ ਹੈ।
ਪਿਛਲੇ ਕਰੀਬ 24 ਦਿਨਾਂ ਤੋਂ ਪੰਜਾਬ ਪੁਲੀਸ ਭਰਤੀ-2016 ਦੇ ਉਮੀਦਵਾਰ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨ ਮੁੰਡੇ-ਕੁੜੀਆਂ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਸਰਕਾਰ ਵਲੋਂ ਕੋਈ ਸੁਣਵਾਈ ਨਾ ਹੋਣ ਤੋਂ ਖਫ਼ਾ ਇਨ੍ਹਾਂ ਉਮੀਦਵਾਰਾਂ ਵਿਚੋਂ ਸੱਤ ਲੜਕੀਆਂ ਹਰਪ੍ਰੀਤ ਕੌਰ ਬਠਿੰਡਾ, ਬਿਮਲਾ ਬਾਈ ਫਾਜ਼ਿਲਕਾ, ਸਰਬਜੀਤ ਕੌਰ ਮੋਗਾ, ਹਰਦੀਪ ਕੌਰ ਅਬੋਹਰ, ਮਨਪ੍ਰੀਤ ਕੌਰ ਗੁਰਦਾਸਪੁਰ, ਕੁਲਦੀਪ ਕੌਰ ਫਾਜ਼ਿਲਕਾ ਅਤੇ ਮਨਜੀਤ ਕੌਰ ਫਿਰੋਜ਼ਪੁਰ ਸਥਾਨਕ ਹਰੀਪੁਰਾ ਰੋਡ ’ਤੇ ਸਥਿਤ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਈਆਂ ਸਨ, ਜਦੋਂਕਿ ਹੇਠਾਂ ਨੌਜਵਾਨ ਲੜਕੇ ਰੋਸ ਧਰਨਾ ਲਗਾ ਕੇ ਬੈਠੇ ਹਨ। ਅੱਜ ਦਿਨ ਸਮੇਂ ਤਾਪਮਾਨ 43 ਡਿਗਰੀ ਸੀ ਤੇ ਤੇਜ਼ ਧੁੱਪ ਕਾਰਨ ਟੈਂਕੀ ’ਤੇ ਇੱਕ ਲੜਕੀ ਸਰਬਜੀਤ ਕੌਰ ਦੀ ਸਿਹਤ ਵਿਗੜ ਗਈ ਹੈ। ਪ੍ਰਦਰਸ਼ਨਕਾਰੀ ਸੁਖਵਿੰਦਰ ਸਿੰਘ ਅਤੇ ਜਗਦੀਪ ਸਿੰਘ ਨੇ ਦੱਸਿਆ ਕਿ 24 ਦਿਨਾਂ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਹੁਣ ਦੋ ਦਿਨਾਂ ਤੋਂ ਟੈਂਕੀ ਉਪਰ ਚੜ੍ਹੀਆਂ ਪੰਜਾਬ ਦੀਆਂ ਧੀਆਂ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਟੈਂਕੀ ਉਪਰ ਕਿਸੇ ਲੜਕੀ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।