ਪੱਤਰ ਪ੍ਰੇਰਕ
ਗਿੱਦੜਬਾਹਾ, 16 ਫਰਵਰੀ
ਸਥਾਨਕ ਭਾਰੂ ਚੌਕ ਨਜ਼ਦੀਕ ਇੱਕ ਕਾਰ ਵਿੱਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਡੀ ਸੂਡਰਵਿਲੀ, ਐੱਸਪੀ ਰਾਜਪਾਲ ਸਿੰਘ ਹੁੰਦਲ, ਡੀਐੱਸਪੀ (ਡੀ) ਜਸਮੀਤ ਸਿੰਘ ਮੌਕੈ ’ਤੇ ਪੁਜੇ। ਡੀਐੱਸਪੀ (ਡੀ) ਜਸਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਗਿੱਦੜਬਾਹਾ ਭਾਰੂ ਚੌਕ ਨਜ਼ਦੀਕ ਇੱਕ ਚਿੱਟੇ ਰੰਗ ਦੀ ਆਈ-20 ਕਾਰ ਨੰਬਰ ਪੀ.ਬੀ.03 ਬੀ.ਈ. 7431 ਬੀਤੀ ਰਾਤ ਤੋਂ ਖੜ੍ਹੀ ਹੈ। ਜਦੋਂ ਜਾਂਚ ਕੀਤੀ ਤਾਂ ਕਾਰ ਦੀ ਪਿਛਲੀ ਸੀਟ ਤੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਨਰਿੰਦਰਪਾਲ ਵਾਸੀ ਪਰਜਾਪਤ ਕਾਲੋਨੀ ਬਠਿੰਡਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਭੋਲਾ ਰਾਮ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਮੈਨੇਜਰ ਸੀ ਅਤੇ ਕੁਝ ਦਿਨ ਪਹਿਲਾਂ ਹੀ ਨੌਕਰੀ ਬਦਲੀ ਸੀ। ਡੀਐੱਸਪ (ਡੀ) ਨੇ ਦੱਸਿਆ ਕੇ ਲਾਸ਼ ’ਤੇ ਕੁੱਝ ਨਿਸ਼ਾਨ ਮਿਲੇ ਹਨ, ਜਿਸ ਤੋਂ ਮਾਮਲਾ ਸ਼ੱਕੀ ਜਾਪਦਾ ਹੈ। ਉਨ੍ਹਾਂ ਦੱਸਿਆ ਕੇ ਪੁਲੀਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।