ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਦਸੰਬਰ
ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਮਗਰੋਂ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਉਨ੍ਹਾਂ ਦੇ ਸਮਰਥਕ ਅੱਜ ਗਾਜ਼ੀਪੁਰ ਮੋਰਚਾ ਖਾਲੀ ਕਰ ਕੇ ਆਪੋ-ਆਪਣੇ ਘਰਾਂ ਲਈ ਰਵਾਨਾ ਹੋ ਗਏ। ਇਸ ਦੌਰਾਨ ਕਿਸਾਨਾਂ ਨੇ ਜਸ਼ਨ ਮਨਾਏ ਅਤੇ ਕੁਝ ਕਿਸਾਨ ਭਾਵੁਕ ਹੁੰਦੇ ਵੀ ਨਜ਼ਰ ਆਏ।
ਘਰਾਂ ਨੂੰ ਵਾਪਸੀ ਤੋਂ ਪਹਿਲਾਂ ਦਿੱਲੀ-ਮੇਰਠ ਐਕਸਪ੍ਰੈਸਵੇਅ ਹੇਠਾਂ ਯੂਪੀ ਗੇਟ ’ਤੇ ਸਵੇਰੇ ਹਵਨ ਕੀਤਾ ਗਿਆ। ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਇਲਾਵਾ ਉੱਤਰਾਖੰਡ/ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਸਿੱਖ ਕਿਸਾਨ ਵੀ ਗਾਜ਼ੀਪੁਰ ਮੋਰਚੇ ’ਤੇ ਹੀ ਬੈਠੇ ਸਨ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਤੇ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਧਰਨੇ ਵਾਲੀ ਥਾਂ ਦੀ ਸਫ਼ਾਈ ਕਰ ਦਿੱਤੀ ਗਈ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੋਸ਼ਲ ਮੀਡੀਆ ’ਤੇ ਕਾਫਲੇ ਦੇ ਸਵਾਗਤ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕੀਤੇ। ਉਨ੍ਹਾਂ ਟਵੀਟ ਕੀਤਾ, ‘‘13 ਮਹੀਨੇ ਸੜਕਾਂ ’ਤੇ ਸੰਘਰਸ਼ ਕਰਨ ਮਗਰੋਂ ਅੱਜ ਘਰ ਵਾਪਸੀ। ਦੇਸ਼ ਦੇ ਨਾਗਰਿਕਾਂ ਦਾ ਦਿਲੋਂ ਧੰਨਵਾਦ।’’
ਬੀਕੇਯੂ ਦੇ ਬੁਲਾਰੇ ਧਰਮਿੰਦਰ ਮਲਿਕ ਨੇ ਕਿਹਾ ਕਿ ਟਿਕੈਤ ਸਿਸੌਲੀ ਵਿੱਚ ਘਰ ਪਰਤਣ ਤੋਂ ਪਹਿਲਾਂ ਮੁਜ਼ੱਫਰਨਗਰ ਵਿੱਚ ਸਰਵ-ਖਾਪ ਦੇ ਹੈੱਡਕੁਆਰਟਰ ਸੋਰਮ ਦਾ ਦੌਰਾ ਕਰਨਗੇ। ਮਲਿਕ ਨੇ ਕਿਹਾ, ‘ਵੱਡੀ ਮਾਤਰਾ ਵਿੱਚ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ। ਪਿੰਡ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਸਿਸੌਲੀ ਵਿੱਚ ਕਿਸਾਨ ਭਵਨ ਕਿਸੇ ਲਾੜੀ ਤੋਂ ਘੱਟ ਨਹੀਂ ਲੱਗ ਰਿਹਾ।’’