ਜਗਮੋਹਨ ਸਿੰਘ
ਘਨੌਲੀ, 1 ਜੁਲਾਈ
ਪਿੰਡ ਘਨੌਲੀ ਵਿੱਚ ਸੰਸਦ ਆਦਰਸ਼ ਯੋਜਨਾ ਤਹਿਤ ਤਤਕਾਲੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਵੱਲੋਂ ਉਸਾਰੀ ਗਈ ਹਸਪਤਾਲ ਦੇ 10 ਕਮਰਿਆਂ ਵਾਲੀ ਇਮਾਰਤ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਪੱਕੇ ਡਾਕਟਰਾਂ ਦੀ ਤਾਇਨਾਤੀ ਨੂੰ ਤਰਸ ਰਿਹਾ ਹੈ।
ਸੰਨ 1978 ਵਿੱਚ ਗ੍ਰਾਮ ਪੰਚਾਇਤ ਘਨੌਲੀ ਵੱਲੋਂ ਸਵਾ ਦੋ ਏਕੜ ਜ਼ਮੀਨ ਸਿਹਤ ਵਿਭਾਗ ਨੂੰ ਹਸਪਤਾਲ ਬਣਾਉਣ ਲਈ ਦਾਨ ਕੀਤੀ ਗਈ ਸੀ, ਪਰ ਲੰਬਾ ਸਮਾਂ ਜ਼ਮੀਨ ਵਿਹਲੀ ਪਈ ਰਹਿਣ ਕਾਰਨ ਇੱਥੇ ਜੰਗਲੀ ਜੜ੍ਹੀ-ਬੂਟੀ ਪੈਦਾ ਹੋ ਗਈ ਸੀ। ਸਾਲ 2014-15 ਦੌਰਾਨ ਤਤਕਾਲੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨੇ ਘਨੌਲੀ ਪਿੰਡ ਨੂੰ ਕੇਂਦਰ ਸਰਕਾਰ ਦੀ ਆਦਰਸ਼ ਯੋਜਨਾ ਤਹਿਤ ਗੋਦ ਲੈਣ ਉਪਰੰਤ ਇੱਥੇ ਹਸਪਤਾਲ ਬਣਾਉਣ ਦੇ ਇਰਾਦੇ ਨਾਲ ਦਸ ਕਮਰਿਆਂ ਦੀ ਇਮਾਰਤ ਉਸਾਰ ਦਿੱਤੀ ਸੀ। ਉਸਾਰੀ ਦਾ ਕੰਮ ਪੂਰਾ ਹੋਣ ਉਪਰੰਤ ਵੀ ਸਿਹਤ ਵਿਭਾਗ ਨੇ ਲੋੜੀਂਦੇ ਡਾਕਟਰਾਂ ਦਾ ਪ੍ਰਬੰਧ ਕਰਨ ਦੀ ਥਾਂ ਇਸ ਇਮਾਰਤ ਨੂੰ ਸਬਸਿਡਰੀ ਹੈਲਥ ਸੈਂਟਰ ਦਾ ਦਰਜਾ ਦਿੰਦੇ ਹੋਏ ਘਨੌਲੀ ਬਾਜ਼ਾਰ ਵਿੱਚ ਚੱਲ ਰਿਹਾ ਸਬਸਿਡਰੀ ਸੈਂਟਰ ਇੱਥੇ ਤਬਦੀਲ ਕਰ ਦਿੱਤਾ। ਪਿੰਡ ਘਨੌਲੀ ਦੀ ਸਰਪੰਚ ਕਮਲਜੀਤ ਕੌਰ ਨੇ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ ਦੇ ਕੀਤੇ ਜਾ ਰਹੇ ਪ੍ਰਚਾਰ ਕਾਰਨ ਉਨ੍ਹਾਂ ਨੂੰ ਆਸ ਬੱਝੀ ਸੀ ਕਿ ਸ਼ਾਇਦ ਹੁਣ ਉਨ੍ਹਾਂ ਦੀ ਸੁਣੀ ਜਾਵੇਗੀ, ਪਰ ‘ਆਪ’ ਸਰਕਾਰ ਬਣਨ ’ਤੇ ਵੀ ਇੱਥੇ ਸਿਰਫ ਤਿੰਨ ਦਿਨ ਲਈ ਬਦਲਵੇਂ ਡਾਕਟਰ ਆਉਂਦੇ ਹਨ ਜਦਕਿ ਬਾਕੀ ਦਿਨਾਂ ਵਿੱਚ ਇਮਾਰਤ ਨੂੰ ਤਾਲਾ ਲੱਗਾ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਇਮਾਰਤ ਨੂੰ ਟਰੌਮਾ ਸੈਂਟਰ, ਸੀਐੱਚਸੀ ਜਾਂ ਮੁਹੱਲਾ ਕਲੀਨਿਕ ਬਣਾ ਕੇ ਡਾਕਟਰਾਂ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਸ਼ਰਮਾ ਨੇ ਇਸ ਸਬੰਧੀ ਗੱਲ ਕਰਨ ’ਤੇ ਕਿਹਾ ਕਿ ਜੇਕਰ ਗ੍ਰਾਮ ਪੰਚਾਇਤ ਘਨੌਲੀ ਵੱਲੋਂ ਲਿਖਤੀ ਤਜਵੀਜ਼ ਭੇਜੀ ਜਾਵੇਗੀ ਤਾਂ ਪੰਚਾਇਤ ਦੀ ਤਜਵੀਜ਼ ਨੂੰ ਪੁਰਜ਼ੋਰ ਸਿਫਾਰਿਸ਼ ਤਹਿਤ ਕਾਰਵਾਈ ਲਈ ਤੁਰੰਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ।