ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਮਈ
ਹਵਾਰਾ ਕਮੇਟੀ ਨੇ ਅੱਜ ਸਾਕਾ ਨੀਲਾ ਤਾਰਾ 1984 ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਅਖੰਡ ਪਾਠ ਰੱਖ ਕੇ ਘੱਲੂਘਾਰਾ ਸਪਤਾਹ ਦੀ ਆਰੰਭਤਾ ਕਰ ਦਿੱਤੀ ਹੈ। ਹਵਾਰਾ ਕਮੇਟੀ ਦੇ ਬਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਪਹਿਲੀ ਜੂਨ 1984 ਨੂੰ ਸੀਆਰਪੀਐੱਫ ਵੱਲੋਂ ਚਲਾਈ ਗੋਲੀ ਨਾਲ ਗੁਰਦੁਆਰਾ ਬਾਬਾ ਅਟੱਲ ਰਾਏ ਦੀ ਉਪਰਲੀ ਮੰਜ਼ਿਲ ’ਤੇ ਭਾਈ ਮਹਿੰਗਾ ਸਿੰਘ ਬੱਬਰ ਮਾਰੇ ਗਏ ਸਨ। ਅਗਲੇ ਦਿਨਾਂ ਵਿਚ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਅਤੇ ਕਈ ਹੋਰ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਅਖੰਡ ਪਾਠ ਦੇ ਭੋਗ ਪਹਿਲੀ ਜੂਨ ਨੂੰ ਪਾਏ ਜਾਣਗੇ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਮੰਗ ਕੀਤੀ ਹੈ ਕਿ ਬੇਅਦਬੀਆਂ ਦੇ ਮੁਲਜ਼ਮਾਂ ਦਾ ਸਮਾਜਿਕ ਬਾਇਕਾਟ ਕੀਤਾ ਜਾਵੇ।