ਜੋਗਿੰਦਰ ਸਿੰਘ ਮਾਨ
ਮਾਨਸਾ 16 ਜੁਲਾਈ
ਇਸ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਬੀਤੇ ਕੱਲ੍ਹ ਪਏ ਪਾੜ ਨੂੰ ਅੱਜ ਦੂਜੇ ਦਿਨ ਵੀ ਬੰਦ ਨਹੀਂ ਕੀਤਾ ਜਾ ਸਕਿਆ ਹੈ ਹਾਲਾਂਕਿ ਇਹ ਪਾੜ ਪਹਿਲਾਂ ਨਾਲੋਂ ਵੀ ਜ਼ਿਆਦਾ ਚੌੜਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਵਿੱਚ ਸਹਿਮ ਹੈ। ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਅਤੇ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਅੱਜ ਸਵੇਰੇ ਫੌਜ ਦੀ ਇੱਕ ਟੀਮ ਵਲੋਂ ਚਾਂਦਪੁਰਾ ਦੇ ਟੁੱਟੇ ਹੋਏ ਬੰਨ੍ਹ ਨੂੰ ਬੰਦ ਕਰਨ ਲਈ ਤਕਨੀਕੀ ਜਾਇਜ਼ਾ ਲਿਆ ਗਿਆ ਹੈ ਤਾਂ ਕਿ ਉਸ ਨੂੰ ਬੰਨ੍ਹਿਆ ਜਾ ਸਕੇ। ਫੌਜ ਵਲੋਂ ਬਾਅਦ ਦੁਪਹਿਰ ਇਸ ਸਬੰਧੀ ਕਾਰਜ ਆਰੰਭੇ ਜਾਣਗੇ। ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਖੇਤਰ ਵਿਚ ਘੱਗਰ ਦਾ ਪਾਣੀ ਲਗਾਤਾਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਘੱਗਰ ਦੇ ਦੌਰੇ ਦੌਰਾਨ ਦੱਸਿਆ ਕਿ ਰੋੜਕੀ ਬੰਨ੍ਹ ਨੂੰ ਬੰਦ ਕਰ ਲਿਆ ਗਿਆ ਹੈ ਅਤੇ ਹੁਣ ਪਿੰਡ ਰਣਜੀਤਗੜ੍ਹ ਬਾਂਦਰਾਂ ਵਿਚ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਬਾਅਦ ਦੁਪਹਿਰ ਜ਼ਿਲ੍ਹੇ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਵੀ ਵਿਸ਼ੇਸ਼ ਦੌਰੇ ਉਤੇ ਆ ਰਹੇ ਹਨ।