ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਦਸੰਬਰ
ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਬੀਪੀਐੱਲ ਕਾਰਡਾਂ ’ਤੇ ਬਾਰਕੋਡ ਦਾ ਸਟਿੱਕਰ ਲਗਵਾਉਣ ਲਈ ਕਾਂਗਰਸੀਆਂ ਦੇ ਦਰਾਂ ’ਤੇ ਜਾ ਕੇ ਤਰਲੇ ਮਿੰਨਤਾਂ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਪੀਐੱਲ ਕਾਰਡਾਂ ’ਤੇ ਬਾਰਕੋਡ ਨਾ ਹੋਣ ਦਾ ਹਵਾਲਾ ਦੇ ਕੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਹੈ। ਇਸੇ ਆੜ ’ਚ ਗਰੀਬਾਂ ਨੂੰ ਬਾਰਕੋਡ ਲਈ ਸੱਤਾਧਾਰੀ ਕਾਂਗਰਸੀਆਂ ਦੇ ਘਰਾਂ ’ਚ ਜਾ ਕੇ ਬਾਰਕੋਡ ਸਟਿੱਕਰ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮੀਤ ਹੇਅਰ ਨੇ ਕਾਂਗਰਸ ਸਰਕਾਰ ਵੱਲੋਂ ਬੀਪੀਐੱਲ ਕਾਰਡਾਂ ’ਤੇ ਬਾਰਕੋਡ ਲਾਉਣ ਦੇ ਹੁਕਮਾਂ ਨੂੰ ਤੁਗ਼ਲਕੀ ਫੁਰਮਾਨ ਕਰਾਰ ਦਿੱਤਾ ਹੈ।