ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਪਰੈਲ
ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਇੱਥੇ ਕਈ ਹਦਾਇਤਾਂ ਜਾਰੀ ਕਰਦਿਆਂ ਅਗਲੇ ਮਹੀਨੇ ਸਰਹਿੰਦ ਨਹਿਰ ’ਚੋਂ ਬੁੱਢੇ ਨਾਲੇ ਵਿੱਚ 200 ਕਿਊਸਿਕ ਪਾਣੀ ਛੱਡਣਾ ਅਤੇ ਵਾਤਾਵਨ ਨੂੰ ਬਚਾਉਣ ਵਾਸਤੇ ਇੱਕ ਵਾਰ ਵਰਤੋਂ ’ਚ ਆਉਣ ਵਾਲੀ ਪਲਾਸਟਿਕ (ਸਿੰਗਲ-ਯੂਜ਼ ਪਲਾਸਟਿਕ) ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਟਾਸਕ ਫੋਰਸ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ।
ਮੁੱਖ ਸਕੱਤਰ ਨੇ ਵਾਤਾਵਰਨ ਕਾਰਜ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ 13ਵੀਂ ਸਟੇਟ ਅਪੈਕਸ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਜਲ ਸਰੋਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਰਹਿੰਦ ਨਹਿਰ ’ਚੋਂ ਬੁੱਢੇ ਨਾਲੇ ਵਿੱਚ 200 ਕਿਊਸਿਕ ਤਾਜ਼ਾ ਪਾਣੀ ਛੱਡਣ ਦਾ ਪ੍ਰਾਜੈਕਟ ਮਈ 2021 ਤੱਕ ਮੁਕੰਮਲ ਕਰਨ ਤੋਂ ਇਲਾਵਾ ਸਤਲੁਜ ਦਰਿਆ ਵਿੱਚ ਸੁੱਟੇ ਜਾਂਦੇ ਪ੍ਰਦੂਸ਼ਿਤ ਪਾਣੀ (ਖਾਸ ਤੌਰ ’ਤੇ ਲੁਧਿਆਣਾ) ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਇੱਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਟਾਸਕ ਫੋਰਸ ਬਣਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਇੱਕ ਵਾਰ ਵਰਤੋਂ ’ਚ ਆਉਣ ਵਾਲੇ ਪਲਾਸਟਿਕ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਮਿਉਂਸਿਪਲ ਕਮਿਸ਼ਨਰਾਂ/ਡਿਪਟੀ ਕਮਿਸ਼ਨਰਾਂ ਦੀ ਹੈ। ਇਸ ਮਾਮਲੇ ਦੀ ਦੋ ਮਹੀਨਿਆਂ ਵਿੱਚ ਇਕ ਵਾਰ ਸੂਬਾ ਪੱਧਰ ’ਤੇ ਨਜ਼ਰਸਾਨੀ ਕੀਤੀ ਜਾਵੇਗੀ। ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 118 ਇੰਡਕਸ਼ਨ ਭੱਠੀਆਂ ਵਿਚੋਂ 113 ਇੰਡਕਸ਼ਨ ਭੱਠੀਆਂ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਾਈਡ ਸੱਕਸ਼ਨ ਹੁੱਡ ਤਕਨਾਲੋਜੀ ਨੂੰ ਅਪਣਾਇਆ ਗਿਆ ਹੈ।