ਨਵੀਂ ਦਿੱਲੀ, 30 ਦਸੰਬਰ
ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਪੰਜਾਬ ਵਿੱਚ ਨੁਕਸਾਨੇ ਜਾ ਰਹੇ ਟੈਲੀਕਾਮ ਢਾਂਚੇ ਨੂੰ ਬਚਾਉਣ ਲਈ ਰਿਲਾਇੰਸ ਜੀਓ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ’ਚ ਦਖ਼ਲ ਦੇਣ ਤੇ ਭੰਨ੍ਹਤੋੜ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਲਿਖੇ ਪੱਤਰ ਵਿੱਚ ਜੀਓ ਨੇ ਕੰਪਨੀ ਦੇ ਨੈੱਟਵਰਕ ਵਾਲੀਆਂ ਸਾਈਟਾਂ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ੍ਹਤੋੜ ਕੀਤੇ ਜਾਣ ਦਾ ਜ਼ਿਕਰ ਕੀਤਾ ਹੈ। ਕੰਪਨੀ ਨੇ ਦੋਸ਼ ਲਗਾਇਆ ਕਿ ਇਹ ਭੰਨ੍ਹਤੋੜ ਜਾਣਬੁੱਝ ਕੇ ਕੰਪਨੀ ਦੇ ਢਾਂਚੇ ਤੇ ਸੇਵਾਵਾਂ ਨੂੰ ਵੱਧ ਤੋਂ ਵੱਧ ਢਾਹ ਲਾਉਣ ਲਈ ਕੀਤੀ ਜਾ ਰਹੀ ਹੈ। ਕੰਪਨੀ ਨੇ ਮੁੱਖ ਮੰਤਰੀ ਦਫ਼ਤਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਟੈਲੀਕਾਮ ਢਾਂਚੇ ਦੀ ਭੰਨ੍ਹਤੋੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਹ ਪੱਤਰ ਰਿਲਾਇੰਸ ਜੀਓ ਇਨਫੋਕੌਮ ਦੇ ਪੰਜਾਬ ਸਰਕਲ ਦੇ ਸੂਬਾਈ ਮੁਖੀ ਤਜਿੰਦਰ ਪਾਲ ਸਿੰਘ ਵੱਲੋਂ ਲਿਖਿਆ ਗਿਆ ਹੈ। -ਪੀਟੀਆਈ