ਗੁਰਬਖਸ਼ਪੁਰੀ
ਤਰਨ ਤਾਰਨ, 23 ਮਈ
ਇੱਥੇ ਕੀਤੇ ਜਾ ਰਹੇ ਨੌਂ ਰੋਜ਼ਾ ‘ਮਹਾ ਕਿੰਨਰ ਸੰਮੇਲਨ ਪੰਜਾਬ’ ਦੇ ਅੱਜ ਪੰਜਵੇਂ ਦਿਨ ‘ਵਿਆਹ ਸਮਾਰੋਹ’ ਕੀਤਾ ਗਿਆ| ਸਮਾਰੋਹ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿੰਨਰਾਂ ਨੇ ਸਜ-ਧਜ ਕੇ ਸੋਨੇ-ਚਾਂਦੀ ਆਦਿ ਗਹਿਣੇ ਪਾ ਕੇ ਹਿੱਸਾ ਲਿਆ| ਇੱਥੋਂ ਦੇ ਬਾਬਾ ਗੁਰੂ ਮਾਈ ਮੀਨਾ ਦੀ ਅਗਵਾਈ ਵਿੱਚ ‘ਮਾਈ ਬਚਨੀ ਜੀ ਦੀ ਰੋਟੀ’ ਤਹਿਤ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਅੱਜ ਸ਼ਹਿਰ ਅੰਦਰ ਲਾੜਾ-ਲਾੜੀ ਨੂੰ ਇੱਕ ਰੱਥ ਵਿੱਚ ਬਿਠਾ ਕੇ ਯਾਤਰਾ ਕੱਢੀ ਗਈ| ਸਤਿਕਾਰ ਪੈਲੇਸ ਤੋਂ ਸ਼ੁਰੂ ਕੀਤੀ ਇਹ ਯਾਤਰਾ ਸ਼ਹਿਰ ਦੀ ਮੁੱਖ ਸੜਕ ਦੇ ਤਹਿਸੀਲ ਚੌਕ ’ਤੇ ਸਥਿਤ ਵਾਲਮੀਕਿ ਮੰਦਰ ਪੁੱਜੀ|
ਇਸ ਯਾਤਰਾ ਵਿੱਚ ਸ਼ਾਮਲ ਕਿੰਨਰਾਂ ਵੱਲੋਂ ਖੁਸ਼ੀ ਵਿੱਚ ਪੇਸ਼ ਕੀਤੇ ਗਏ ਵਿਲੱਖਣ ਅਦਾਵਾਂ ਨਾਲ ਨਾਚ-ਗਾਣੇ ਦਾ ਸ਼ਹਿਰ ਦੇ ਵੱਡੀ ਗਿਣਤੀ ਲੋਕਾਂ ਨੇ ਆਨੰਦ ਮਾਣਿਆ| ਵਾਲਮੀਕਿ ਮੰਦਰ ਤੋਂ ਲਾੜਾ-ਲਾੜੀ ਨੇ ਆਪਣੇ ਭਾਈਚਾਰੇ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਦਰਬਾਰ ਸਾਹਿਬ ਦਾ ਪਵਿੱਤਰ ਜਲ ਪ੍ਰਾਪਤ ਕੀਤਾ| ਯਾਤਰਾ ਦੇ ਪ੍ਰਬੰਧਾਂ ਲਈ ਇੱਥੋਂ ਦੇ ਸਮਾਜ ਸੇਵੀ ਰਾਜ ਕੁਮਾਰ ਰੀਟਾ ਪ੍ਰਧਾਨ ਨੇ ਸਰਗਰਮ ਭੂਮਿਕਾ ਅਦਾ ਕੀਤੀ| ਇੱਥੋਂ ਦੇ ਸਤਿਕਾਰ ਪੈਲੇਸ ਵਿੱਚ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਕਿੰਨਰਾਂ ਵੱਲੋਂ ਕਿਸੇ ਰਾਜਸੀ ਆਗੂ ਨੂੰ ਨਹੀਂ ਬੁਲਾਇਆ ਗਿਆ| ਇਸ ਸਮਾਗਮ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਭਰ ਤੋਂ 1500 ਦੇ ਕਰੀਬ ਕਿੰਨਰ ਭਾਗ ਲੈ ਰਹੇ ਹਨ| ਕਿੰਨਰਾਂ ਦੇ ਬਾਬਾ ਇੰਦਰ, ਬਾਬਾ ਡਿੰਪਲ, ਮਾਈ ਰਾਣੀ, ਰੋਸ਼ਨੀ, ਹਿਨਾ, ਕਾਜਲ ਆਦਿ ਨੇ ਰੱਥ ਯਾਤਰਾ ਦੇ ਪ੍ਰਬੰਧ ਕੀਤੇ|