ਨਿੱਜੀ ਪੱਤਰ ਪ੍ਰੇਰਕ
ਮੋਗਾ, 11 ਜੁਲਾਈ
ਇਥੇ ਦੇਰ ਸ਼ਾਮ ਹਰਿਆਣਾ ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਖਾਲਸਾ ਸਕੂਲ ਰੋਡ ਸਥਿਤ ਮਿੱਤਲ ਲੈੱਬ ਐਂਡ ਸੀਟੀ ਸਕੈਨ ਸੈਂਟਰ ’ਤੇ ਛਾਪਾ ਮਾਰ ਕੇ ਗੈਰਕਾਨੂੰਨੀ ਗਰਭਪਾਤ ਲਿੰਗ ਜਾਂਚ ਦਾ ਪਰਦਾਫਾਸ਼ ਕੀਤਾ ਹੈ। ਇਹ ਕਥਿਤ ਗੈਰਕਾਨੂੰਨੀ ਲਿੰਗ ਜਾਂਚ ਕਰਨ ਵਾਲਾ ਕੇਂਦਰ ਜ਼ਿਲ੍ਹਾ ਪੁਲੀਸ ਮੁਖੀ ਦੀ ਰਿਹਾਇਸ਼ ਤੋਂ ਤਕਰੀਬਨ 100 ਮੀਟਰ ਦੂਰੀ ਉੱਤੇ ਹੈ। ਹਰਿਆਣਾ ਸਿਹਤ ਵਿਭਾਗ ਦਾ ਇਸ ਕੇਂਦਰ ’ਤੇ ਇਹ ਦੂਜਾ ਛਾਪਾ ਹੈ, ਜਿਸ ਨੇ ਸਥਾਨਕ ਸਿਹਤ ਵਿਭਾਗ ਅਧਿਕਾਰੀਆਂ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਟੀਮ ਮੁਤਾਬਕ ਹਿਰਾਸਤ ’ਚ ਲਈ ਕਥਿਤ ਦਲਾਲ ਮੁਤਾਬਕ ਫ਼ਰਜ਼ੀ ਗਾਹਕ ਗਰਭਵਤੀ ਔਰਤ ਨਾਲ 35 ਹਜ਼ਾਰ ਵਿੱਚ ਸੌਦਾ ਕੀਤਾ ਗਿਆ ਸੀ। ਸਿਰਸਾ ਤੋਂ ਡਿਪਟੀ ਸਿਵਲ ਸਰਜਨ ਡਾ. ਬੁੱਧ ਰਾਮ, ਨੋਡਲ ਅਫ਼ਸਰ ਹਰਸਿਮਰਨ ਸਿੰਘ ਤੇ ਬਤੌਰ ਕਾਰਜਕਾਰੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਰਾਹੁਲ ਰਾਠੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਵਿੱਚ ਵੱਡੇ ਪੱਧਰ ’ਤੇ ਲਿੰਗ ਜਾਂਚ ਅਤੇ ਗੈਰਕਾਨੂੰਨੀ ਗਰਭਪਾਤ ਦਾ ਧੰਦਾ ਚੱਲ ਰਿਹਾ ਹੈ। ਉਨ੍ਹਾਂ ਇੱਕ ਗਰਭਵਤੀ ਔਰਤ ਨੂੰ ਦਲਾਲਾਂ ਰਾਹੀਂ ਫਰਜ਼ੀ ਗਾਹਕ ਬਣਾ ਕੇ ਹਸਪਤਾਲ ਭੇਜਿਆ, ਜਦੋਂ ਉਸ ਦਾ ਅਲਟਰਾਸਾਊਂਡ ਕੀਤਾ ਜਾ ਰਿਹਾ ਸੀ ਤਾਂ ਟੀਮ ਮੌਕੇ ’ਤੇ ਪੁੱਜ ਗਈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕਾਰਵਾਈ ਸਥਾਨਕ ਸਿਹਤ ਵਿਭਾਗ ਵੱਲੋਂ ਕੀਤੀ ਜਾਵੇਗੀ ਅਤੇ ਸਕੈਨ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਟੀ ਪੁਲੀਸ ਨੇ ਘਣੀਆ ਜ਼ਿਲ੍ਹਾ ਫ਼ਰੀਦਕੋਟ ਦੀ ਕਥਿਤ ਦਲਾਲ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ। ਮਿੱਤਲ ਲੈੱਬ ਪ੍ਰਬੰਧਕ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੋਈ ਮੁਲਾਜ਼ਮ ਰਲਿਆ ਹੋ ਸਕਦਾ ਹੈ ਜਾਂ ਕੋਈ ਵੱਡੀ ਸਾਜ਼ਿਸ਼ ਹੈ।