ਚਮਕੌਰ ਸਾਹਿਬ: ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵਲੋਂ ਗਤਕਾ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਅਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਨੇੜਲੇ ਪਿੰਡ ਰੰਗੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋਇਆ ਗਤਕਾ ਕੈਂਪ 10 ਅਗਸਤ ਤੱਕ ਲੱਗੇਗਾ। ਇਸ ਵਿੱਚ ਨੇੜਲੇ ਪਿੰਡਾਂ ਦੇ ਬੱਚੇ ਵੀ ਗਤਕਾ ਸਿੱਖ ਸਕਦੇ ਹਨ। ਜ਼ਿਲ੍ਹਾ ਐਸੋਸੀਏਸ਼ਨ ਦੀ ਕੋਆਰਡੀਨੇਟਰ ਬੀਬੀ ਜਸਵਿੰਦਰ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਸਿਖਲਾਈ ਕੈਂਪ ਵਿੱਚ ਦੋ ਦਰਜਨ ਤੋਂ ਵੱਧ ਬੱਚੇ ਬੱਚੀਆਂ ਭਾਗ ਲੈ ਰਹੇ ਹਨ, ਜਿਨ੍ਹਾਂ ਨੂੰ ਸਿਖਲਾਈ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆਂ ਦੇ ਕੋਚ ਵੱਲੋਂ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਗਤਕਾ ਸਿਖਲਾਈ ਕੈਂਪ ਲਾਏ ਹਨ ਅਤੇ ਇਸ ਕੈਂਪ ਵਿੱਚ ਭਾਗ ਲੈਣ ਲਈ ਕੋਈ ਫੀਸ ਨਹੀਂ ਰੱਖੀ ਗਈ ਅਤੇ ਕੋਈ ਵੀ ਬੱਚਾ ਮੁਫਤ ਸਿਖਲਾਈ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗਤਕਾ ਸਰੀਰਕ ਕਸਰਤ ਦੇ ਨਾਲ ਨਾਲ ਸਵੈ ਰੱਖਿਆ ਲਈ ਵੀ ਸੁਖਾਲੀ ਖੇਡ ਹੈ, ਇਸ ਕਰਕੇ ਨੌਜਵਾਨ ਖਾਸਕਰ ਬੱਚੀਆਂ ਨੂੰ ਗਤਕਾ ਖੇਡ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਅਤੇ ਗੱਤਕਾ ਕੋਚ ਸ਼ੈਰੀ ਸਿੰਘ ਭਾਂਬਰੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ