ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਕਤੂਬਰ
ਪੰਜਾਬ ਭਰ ਦੀਆਂ ਜੇਲ੍ਹਾਂ ’ਚ ਚੌਕਸੀ ਵਧਾ ਦਿੱਤੀ ਗਈ ਹੈ। ਖਾਸ ਕਰ ਕੇ ਗੈਂਗਸਟਰਾਂ ਵਾਲੇ ਜ਼ੋਨਾਂ ਵਿੱਚ ਚੌਵੀ ਘੰਟਿਆਂ ’ਚ ਛੇ ਵਾਰ ਚੈਕਿੰਗ ਕੀਤੀ ਜਾਂਦੀ ਹੈ। ਉਂਝ ਕੈਦੀਆਂ ਅਤੇ ਹਵਾਲਾਤੀਆਂ ਵਾਲੇ ਬੈਰਕ ਵੀ ਬਾਕਾਇਦਾ ਚੈੱਕ ਕੀਤੇ ਜਾਂਦੇ ਹਨ। ਅਸਲ ’ਚ ਚੈਕਿੰਗ ਦਾ ਇਹ ਮਾਮਲਾ ਪੰਜਾਬ ਦੀ ਪਟਿਆਲਾ ਤੋਂ ਬਾਹਰਲੇ ਜ਼ਿਲ੍ਹੇ ਦੀ ਇੱਕ ਜੇਲ੍ਹ ਵਿੱਚੋਂ ਇੱਕ ਗੈਂਗਸਟਰ ਵੱਲੋਂ ਪਾਕਿਸਤਾਨ ਵਿੱਚ ਫੋਨ ਕਰ ਕੇ ਕੋਈ ਹਥਿਆਰ ਆਦਿ ਮੰਗਵਾਉਣ ਦੀ ਗੱਲ ਲੀਕ ਹੋਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ।
ਅਜਿਹੇ ਆਦੇਸ਼ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਭਰ ਦੀਆਂ ਸਮੂਹ ਜੇਲ੍ਹਾਂ ਖਾਸ ਕਰ ਕੇ ਜਿੱਥੇ ਗੈਂਗਸਟਰ ਬੰਦ ਹਨ, ਵਿੱਚ ਅਜਿਹੀ ਸਖ਼ਤ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਤਿੰਨ ਵਾਰ ਦਿਨੇ ਅਤੇ ਤਿਨ ਵਾਰ ਰਾਤ ਨੂੰ ਚੈਕਿੰਗ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਵਾਰ ਸੁਪਰਡੈਂਟ ਅਤੇ ਦੋ ਵਾਰ ਐਡੀਸ਼ਨਲ ਸੁਪਰਡੈਂਟ ਦਾ ਨਾਲ ਰਹਿਣਾ ਲਾਜ਼ਮੀ ਕੀਤਾ ਗਿਆ ਹੈ। ਬਾਕੀ ਵਾਰ ਡਿਪਟੀ ਸੁਪਰਡੈਂਟ ਚੈਕਿੰਗ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਅਜਿਹੀ ਜੇਲ੍ਹ ਹੈ ਜਿੱਥੇ ਤਿੰਨ ਦਰਜਨ ਦੇ ਕਰੀਬ ਖਤਰਨਾਕ ਗੈਂਗਸਟਰ ਬੰਦ ਹਨ। ਇਸ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ ਸਮੇਤ ਅੱਧੀ ਦਰਜਨ ਫਾਂਸੀ ਯਾਫਤਾ ਕੈਦੀ ਵੀ ਇੱਥੇ ਬੰਦ ਹਨ। ਇਸੇ ਤਰ੍ਹਾਂ 450 ਸਜ਼ਾਯਾਫ਼ਤਾ ਕੈਦੀ ਅਤੇ 2000 ਦੇ ਕਰੀਬ ਹਵਾਲਾਤੀ ਇਸ ਜੇਲ੍ਹ ਵਿੱਚ ਹਨ। ਜੇਲ੍ਹ ਅਧਿਕਾਰੀਆਂ ਨੇ ਅਜਿਹੀ ਤਲਾਸ਼ੀ ਮੁਹਿੰਮ ਚੱਲਦੀ ਹੋਣ ਦੀ ਪੁਸ਼ਟੀ ਕੀਤੀ ਹੈ। ਇੱਕ ਦਿਨ ਪਹਿਲਾਂ ਹੀ ਇੱਥੇ ਪੰਜਾਬ ਜੇਲ੍ਹ ਟਰੇਨਿੰਗ ਸਕੂਲ ’ਚ ਆਏ ਜੇਲ੍ਹਾਂ ਦੇ ਸਪੈਸ਼ਲ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਵੀ ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਤੇ ਹੋਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਕ ਕੈਦੀ ਵੱਲੋਂ ਪਾਕਿ ’ਚ ਫੋਨ ਕੀਤੇ ਜਾਣ ਦੀ ਪੁਸ਼ਟੀ ਐੱਸਟੀਐੱਫ ਦੇ ਅਧਿਕਾਰੀਆਂ ਨੇ ਵੀ ਕੀਤੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਦੀ ਜੇਲ੍ਹ ’ਚ ਕੁਝ ਕੈਦੀਆਂ ਵੱਲੋਂ ਨਸ਼ੇ ਦਾ ਸੇਵਨ ਕਰਨ ਦੀ ਇੱਕ ਵੀਡੀਓ ਵੀ ਜਾਰੀ ਹੋਈ ਸੀ, ਜਿਸ ਨੂੰ ਜੇਲ੍ਹ ਵਿਭਾਗ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਪਟਿਆਲਾ ਜੇਲ੍ਹ ’ਚ ਪਿਛਲੇ ਸਮੇਂ ਗੜਬੜੀਆ ਹੋਣ ਮਗਰੋਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕੁਝ ਮਹੀਨਿਆਂ ਤੋਂ ਜੇਲ੍ਹ ਸੁਪਰਡੈਂਟ ਵਜੋਂ ਤਾਇਨਾਤ ਕੀਤੇ ਗਏ ਮਨਜੀਤ ਸਿੰਘ ਟਿਵਾਣਾ ਵੱਲੋਂ ਹੁਣ ਤੱਕ ਰਿਕਾਰਡ ਸੈਂਕੜੇ ਹੀ ਫੋਨਾਂ ਸਮੇਤ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਵਸਤਾਂ ਦੀ ਵੀ ਜੇਲ੍ਹ ਵਿੱਚੋਂ ਬਰਾਮਦਗੀ ਕੀਤੀ ਜਾ ਚੁੱਕੀ ਹੈ। ਇੱਥੋਂ ਤੱਕ ਅਹਿਮ ਕੈਦੀ ਮੰਨੇ ਜਾਂਦੇ ਜਗਦੀਸ਼ ਭੋਲਾ ਜਿਸ ਨੂੰ ਹੱੱਥ ਪਾਉਣ ਤੋਂ ਵੱਡੇ-ਵੱਡੇ ਜੇਲ੍ਹ ਅਧਿਕਾਰੀ ਗੁਰੇਜ਼ ਕਰਦੇ ਰਹੇ ਹਨ, ਤੋਂ ਵੀ ਮਨਜੀਤ ਟਿਵਾਣਾ ਫੋਨ ਬਰਾਮਦ ਕਰ ਚੁੱਕੇ ਹਨ। ਇਸ ਮਗਰੋਂ ਭੋਲਾ ਵੱਲੋਂ ਟਿਵਾਣਾ ਨੂੰ ਦਿੱਤੀਆਂ ਧਮਕੀਆਂ ਦੇ ਮੱਦੇਨਜ਼ਰ ਜਗਦੀਸ਼ ਭੋਲਾ ਨੂੰ ਹੋਰ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ।