ਖੇਤਰੀ ਪ੍ਰਤੀਨਿਧ
ਪਟਿਆਲਾ, 7 ਅਕਤੂਬਰ
ਪਟਿਆਲਾ ਪੁਲੀਸ ਵੱਲੋਂ ਗੈਂਗਸਟਰ ਐੱਸ ਕੇ ਖਰੌੜ (ਕੰਵਰਦੀਪ ਸਿੰਘ) ਨੂੰ ਅੱਜ ਦਿੱਲੀ ਤੋਂ ਪ੍ਰ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਉਹ ਸਰਹਿੰਦ ਰੋਡ ’ਤੇ ਸਥਿਤ ਪਿੰਡ ਬਾਰਨ ਦਾ ਵਸਨੀਕ ਹੈ। ਉਸ ਨੂੰ ਅੱਜ ਅਦਾਲਤ ’ਚ ਪੇਸ਼ ਕਰਨ ਮਗਰੋਂ ਸੱਤ ਦਿਨਾ ਪੁਲੀਸ ਰਿਮਾਂਡ ਲਿਆ ਗਿਆ ਹੈ। ਖਰੌੜ ਨੂੰ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਪਟਿਆਲਾ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਕੋਲੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉਹ ਸਾਬਕਾ ਕਾਂਗਰਸੀ ਮੰਤਰੀ ਬ੍ਰਹਮ ਮਹਿੰਦਰਾ ਦੇ ਅਤਿ ਕਰੀਬੀ ਸਰਪੰਚ ਤਾਰਾ ਦੱਤ ਅਤੇ ਇੱਕ ਹੋਰ ਨੌਜਵਾਨ ਸ਼ਮਸ਼ੇਰ ਸਿੰਘ ਸ਼ੇਰਾ ਦੇ ਕਤਲ ਕੇਸ ਸਮੇਤ ਕਈ ਹੋਰ ਕੇਸਾਂ ’ਚ ਪੁਲੀਸ ਨੂੰ ਲੋੜੀਂਦਾ ਸੀ। ਉਸ ਨੂੰ ਪਿਛਲੇ ਦਿਨੀਂ ਯੂਪੀ ਦੇ ਬਰੇਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲੀਸ ਦੇ ਰਿਮਾਂਡ ਮਗਰੋਂ ਉਸ ਨੂੰ ਅੱਜ ਪਟਿਆਲਾ ਪੁਲੀਸ ਲੈ ਆਈ ਹੈ।