ਅੰਮ੍ਰਿਤਸਰ: ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦਇਆ ਸਿੰਘ ਉਰਫ ਪ੍ਰੀਤ ਸੇਖੋਂ ਨੇ ਪੁੱਛ-ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਡਾਕਟਰਾਂ, ਕਲੋਨਾਈਜ਼ਰਾਂ ਤੇ ਵਪਾਰੀਆਂ ਆਦਿ ਤੋਂ ਫਿਰੌਤੀ ਦੀ ਵੱਡੀ ਰਕਮ ਵਸੂਲੀ ਹੈ ਅਤੇ ਇਹ ਰਕਮ ਹਵਾਲਾ ਰਾਹੀਂ ਵਿਦੇਸ਼ੀ ਕਰੰਸੀ ਦੇ ਰੂਪ ਵਿੱਚ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾਈ ਹੈ। ਪੁਲੀਸ ਦੇ ਸੂਤਰਾਂ ਮੁਤਾਬਕ ਸੇਖੋਂ ਨੇ ਆਪਣੇ ਕੈਨੇਡਾ ਆਧਾਰਤ ਸਾਥੀ ਲਖਬੀਰ ਸਿੰਘ ਉਰਫ ਲੰਡਾ ਪੱਟੀ ਦੀ ਮਦਦ ਨਾਲ ਲਗਪਗ 25 ਵਿਅਕਤੀਆਂ ਕੋਲੋਂ ਕਰੋੜਾਂ ਰੁਪਏ ਦੀ ਫਿਰੌਤੀ ਵਸੂਲੀ ਹੈ। ਫਿਰੌਤੀ ਦੇ ਮਾਮਲਿਆਂ ਬਾਰੇ ਪੀੜਤਾਂ ਨੇ ਪੁਲੀਸ ਕੋਲ ਸ਼ਿਕਾਇਤ ਨਹੀਂ ਕੀਤੀ ਸੀ ਪਰ ਸ਼ਿਕਾਰ ਹੋਏ ਲੋਕਾਂ ਨੇ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਇੱਥੇ ਦੱਸਣਯੋਗ ਹੈ ਕਿ ਇਹ ਗੈਂਗਸਟਰ ਅਤੇ ਇਸ ਦੇ ਦੋ ਸਾਥੀ ਜਰਮਨਜੀਤ ਸਿੰੰਘ ਉਰਫ ਨਿੱਕਾ ਖੰਡੂਰੀਆ ਤੇ ਗੁਰਲਾਲ ਸਿੰਘ ਅਜਨਾਲਾ ਹਲਕੇ ਦੇ ਪਿੰਡ ਚਮਿਆਰੀ ਵਿੱਚ ਇੱਕ ਘਰ ਵਿੱਚ ਲੁਕੇ ਹੋਏ ਸਨ ਅਤੇ ਪੁਲੀਸ ਨੇ ਘੇਰਾ ਪਾ ਕੇ ਉਨ੍ਹਾਂ ਕੋਲੋਂ ਆਤਮ ਸਮਰਪਣ ਕਰਵਾਇਆ ਸੀ। ਇਨ੍ਹਾਂ ਕੋਲੋ ਪੰਜ ਪਿਸਤੌਲ, ਇਕ ਰਾਈਫਲ, ਗੋਲੀ ਸਿੱਕਾ ਤੇ ਕਾਰ ਬਰਾਮਦ ਹੋਈ ਸੀ। ਪੁਲੀਸ ਸੂਤਰਾਂ ਮੁਤਾਬਕ ਫਿਰੌਤੀ ਦੀ ਰਕਮ ਹਵਾਲਾ ਅਪਰੇਟਰਾਂ ਰਾਹੀਂ ਕੈਨੇਡਾ ਦੇ ਸਰੀ ਅਤੇ ਇੰਗਲੈਂਡ ਦੇ ਬੈਂਕਾਂ ਵਿੱਚ ਜਮ੍ਹਾਂ ਕਰਵਾਈ ਗਈ ਹੈ। ਪੁਲੀਸ ਨੇ ਹਵਾਲਾ ਅਪਰੇਟਰ ਦਾ ਨਾਂ ਵੀ ਪਤਾ ਲਾ ਲਿਆ ਹੈ ਅਤੇ ਬੈਂਕ ਖਾਤਿਆਂ ਸਬੰਧੀ ਹੋਰ ਜਾਣਕਾਰੀ ਵੀ ਇਕੱਠੀ ਕਰ ਲਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ 8 ਕਤਲਾਂ ਤੇ ਕਈ ਲੁੱਟਾਂ-ਖੋਹਾਂ ਦਾ ਖੁਲਾਸਾ ਕੀਤਾ ਹੈ। -ਟ੍ਰਿਬਿਊਨ ਨਿਊਜ਼ ਸਰਵਿਸ