ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜੁਲਾਈ
ਜ਼ਿਲ੍ਹਾ ਦਿਹਾਤੀ ਪੁਲੀਸ ਅਤੇ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਨੇ ਸਾਂਝੀ ਕਾਰਵਾਈ ਕਰਦਿਆਂ ਅੱਜ ਸ਼ਾਮ ਅਜਨਾਲਾ ਇਲਾਕੇ ਦੇ ਪਿੰਡ ਚਮਿਆਰੀ ’ਚੋ ਗੈਂਗਸਟਰ ਦਯਾ ਸਿੰਘ ਉਰਫ ਪ੍ਰੀਤ ਸੇਖੋਂ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀ ਪਿੰਡ ਚਮਿਆਰੀ ਵਿਚ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਦੇ ਘਰ ਆਏ ਸਨ। ਇਸ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਪਿੰਡ ਨੂੰ ਘੇਰਾ ਪਾ ਲਿਆ ਅਤੇ ਮੁਲਜ਼ਮਾਂ ਨੂੰ ਪੁਲੀਸ ਅੱਗੇ ਆਤਮ ਸਮਰਪਣ ਕਰਨ ਲਈ ਆਖਿਆ। ਇਸ ਤੋਂ ਬਾਅਦ ਪ੍ਰੀਤ ਸੇਖੋਂ ਨੇ ਸੋਸ਼ਲ ਮੀਡੀਆ ਰਾਹੀਂ ਇਕ ਸੁਨੇਹਾ ਜਾਰੀ ਕਰ ਕੇ ਆਤਮ ਸਮਰਪਣ ਕਰਨ ਦਾ ਐਲਾਨ ਕੀਤਾ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ਵਿੱਚ ਉਸ ਨੇ ਗੈਂਗਸਟਰ ਅਮਨਦੀਪ ਅਤੇ ਅਕਾਲੀ ਵਰਕਰ ਪ੍ਰਭਜੀਤ ਸਿੰਘ ਉਰਫ ਪੂਰਨ ਨੂੰ ਪੱਟੀ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਉਹ ਬਾਊਂਸਰ ਜਗਰੂਪ ਸਿੰੰਘ ਦੇ ਕਤਲ ਮਾਮਲੇ ਵਿੱਚ ਪੁਲੀਸ ਦੀ ਸ਼ੱਕੀ ਸੂਚੀ ਵਿਚ ਹੋਣ ਦੇ ਨਾਲ ਲੁਧਿਆਣਾ ਵਿਚ ਢਾਈ ਕਿਲੋ ਸੋਨੇ ਦੀ ਡਕੈਤੀ ਦੇ ਮਾਮਲੇ ਵਿਚ ਵੀ ਲੋੜੀਂਦਾ ਸੀ।
ਪੁਲੀਸ ਨੇ ਘਟਨਾ ਸਥਾਨ ਤੋੋਂ ਪੰਜ ਦੇਸੀ ਪਿਸਤੌਲ, ਇਕ ਡਬਲ ਬੈਰਲ ਗੰਨ ਅਤੇ ਤਿੰਨ ਮੋੋਬਾਈਲ ਬਰਾਮਦ ਕੀਤੇ ਹਨ। ਪੁਲੀਸ ਨੇ ਉਸ ਦੇ ਨਾਲ ਜਰਮਨਜੀਤ ਸਿੰਘ ਉਰਫ ਨਿੱਕੂ ਖਡੂਰੀਆ ਤੇ ਬਾਅਦ ’ਚ ਤਰਨ ਤਾਰਨ ਇਲਾਕੇ ’ਚੋਂ ਗੁਰਲਾਲ ਸਿੰਘ ਨੂੰ ਵੀ ਕਾਬੂ ਕੀਤਾ।