ਜੈਸਮੀਨ ਭਾਰਦਵਾਜ
ਨਾਭਾ, 20 ਜੁਲਾਈ
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੇ ਫਾਹਾ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਬੀਤੀ ਰਾਤ ਸਿਪਾਹੀ ਸੁਖਚੈਨ ਸਿੰਘ ਨੇ ਦੇਖਿਆ ਕਿ ਨੀਟਾ ਦਿਓਲ ਪੱਖੇ ਨਾਲ ਪਰਨਾ ਬੰਨ੍ਹ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੇ ਰੌਲਾ ਪਾਉਣ ਤੋਂ ਬਾਅਦ ਸਹਾਇਕ ਸੁਪਰਡੈਂਟ ਸੰਦੀਪ ਸਿੰਘ ਤੇ ਹੋਰਾਂ ਨੇ ਉਸ ਨੂੰ ਹੇਠਾਂ ਉਤਾਰਿਆ।
ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਉਸ ਦੀ ਕਿਸੇ ਮਹਿਲਾ ਦੋਸਤ ਨੂੰ ਜੇਲ੍ਹ ਵਿਚ ਮੋਬਾਈਲ ਪਹੁੰਚਾਉਣ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ ਜਿਸ ਕਰ ਕੇ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲੀਸ ਵਿਭਾਗ ਵੱਲੋਂ ਹਾਲੇ ਇਸ ਮਹਿਲਾ ਦੀ ਪਛਾਣ ਨਹੀਂ ਦੱਸੀ ਜਾ ਰਹੀ। ਜ਼ਿਕਰਯੋਗ ਹੈ ਕਿ ਮਾਰਚ ਵਿਚ ਜੇਲ੍ਹ ਦੇ ਦੋ ਵਾਰਡਨ ਵਰਿੰਦਰ ਸਿੰਘ ਅਤੇ ਤਰਨਦੀਪ ਸਿੰਘ ਨੂੰ ਨੀਟਾ ਦਿਓਲ ਨੂੰ ਮੋਬਾਈਲ ਪਹੁੰਚਾਉਣ ਦੇ ਦੋਸ਼ ਵਿਚ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਵੀ ਨੀਟਾ ਦਿਓਲ ਕੋਲੋਂ ਇਕ ਮੋਬਾਈਲ ਬਰਾਮਦ ਹੋਇਆ ਸੀ। ਜੇਲ੍ਹ ਪ੍ਰਸ਼ਾਸਨ ਮੁਤਾਬਿਕ ਨੀਟਾ ਦਿਓਲ ਦੀ ਸਿਹਤ ਠੀਕ ਹੈ।
ਇਸ ਤੋਂ ਪਹਿਲਾ 2017 ਵਿਚ ਵੀ ਮਹਿਲਾ ਹੌਲਦਾਰ ਕਰਨਜੋਤ ਸ਼ਰਮਾ ਅਤੇ ਸਹਾਇਕ ਜੇਲ੍ਹ ਸੁਪਰਡੈਂਟ ਰੂਪ ਸਿੰਘ ਨੂੰ ਨੀਟਾ ਦਿਓਲ ਨੂੰ ਜੇਲ੍ਹ ਵਿਚ ਮੋਬਾਈਲ ਦੇਣ ’ਤੇ ਨੌਕਰੀ ਤੋਂ ਹੱਥ ਧੋਣੇ ਪਏ ਸਨ। ਜਾਂਚ ਅਨੁਸਾਰ ਹੌਲਦਾਰ ਕਰਨਜੋਤ ਸ਼ਰਮਾ ਨੀਟਾ ਦਿਓਲ ਦੀ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਸੀ ਅਤੇ ਇਨ੍ਹਾਂ ਦੀ ਆਪਸ ਵਿਚ ਦੋਸਤੀ ਵੀ ਸੀ। ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ (ਓਕੂ) ਜਾਂਚ ਕਰ ਰਹੀ ਹੈ ਜਿਸ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਨੀਟਾ ਦਿਓਲ 2016 ਵਿਚ ਨਾਭਾ ਜੇਲ੍ਹ ’ਚੋਂ ਫਰਾਰ ਹੋਏ ਛੇ ਕੈਦੀਆਂ ਵਿੱਚੋਂ ਇਕ ਸੀ।
ਮਕਾਨ ਮਾਲਕ ਵੱਲੋਂ ਕਿਰਾਇਆ ਮੰਗਣ ’ਤੇ ਨੌਜਵਾਨ ਨੇ ਖ਼ੁਦਕੁਸ਼ੀ ਕੀਤੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇਕ ਕੋਠੀ ਵਿਚ ਕੇਅਰ ਟੇਕਰ ਵਜੋਂ ਪਰਿਵਾਰ ਸਮੇਤ ਰਹਿ ਰਹੇ ਨੌਜਵਾਨ, ਜਿਸ ਨੂੰ ਲੌਕਡਾਊਨ ਕਾਰਨ ਕੰਮ ਤੋਂ ਜਵਾਬ ਮਿਲ ਗਿਆ ਸੀ, ਤੋਂ ਜਦੋਂ ਕਿਰਾਏਦਾਰ ਨੇ 84 ਹਜ਼ਾਰ ਰੁਪਏ ਕਿਰਾਇਆ ਮੰਗਿਆ ਤਾਂ ਉਸ ਨੇ ਆਤਮਹੱਤਿਆ ਕਰ ਲਈ। ਆਤਮਹੱਤਿਆ ਕਰਨ ਤੋਂ ਪਹਿਲਾਂ ਫੇਸਬੁੱਕ ’ਤੇ ਲਾਈਵ ਹੋ ਕੇ ਨੌਜਵਾਨ ਨੇ ਮੌਤ ਲਈ ਮਕਾਨ ਮਾਲਕ ਨੂੰ ਜ਼ਿੰਮੇਵਾਰ ਦੱਸਿਆ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਮਕਾਨ ਮਾਲਕ ਹਰਪ੍ਰੀਤ ਸਿੰਘ ਬਾਠ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਿਚ ਨੌਜਵਾਨ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ ਸਨ ਕਿ ਪੁਲੀਸ ਹਮੇਸ਼ਾ ਤਕੜੇ ਤੇ ਅਸਰ ਰਸੂਖ਼ ਵਾਲੇ ਦੀ ਗੱਲ ਸੁਣਦੀ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪਰਿਵਾਰ ਸਮੇਤ ਗ੍ਰੀਨ ਮਾਡਲ ਟਾਊਨ ਵਿਚਲੀ ਇਕ ਕੋਠੀ ’ਚ ਕੇਅਰ ਟੇਕਰ ਵਜੋਂ ਰਹਿੰਦਾ ਸੀ। ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ’ਤੇ ਲਾਈਵ ’ਤੇ ਹੋ ਕੇ ਦੁੱਖੜਾ ਦੱਸਿਆ ਤੇ ਮਗਰੋਂ ਫਾਹਾ ਲੈ ਲਿਆ। ਏਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।