ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਜੂਨ
ਅੰਬਾਲਾ ਪੁਲੀਸ ਦੀ ਸੀਆਈਏ-2 ਟੀਮ ਨੇ ਲਾਰੈਂਸ ਗਰੁੱਪ ਦੇ ਕਾਲਾ ਰਾਣਾ ਤੇ ਰਾਜੂ ਬਸੌਦੀ ਨੂੰ ਸ਼ਾਰਪ ਸ਼ੂਟਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਨਰੇਸ਼ ਸੇਠੀ ਨੂੰ ਦੋਹਰੇ ਹੱਤਿਆ ਕਾਂਡ ਸਬੰਧੀ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਦੀ ਟੀਮ ਉਸ ਨੂੰ ਭੌਂਡਸੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਪੁਲੀਸ ਨੇ ਨਰੇਸ਼ ਸੇਠੀ ਵਾਸੀ ਝੱਜਰ ਨੂੰ ਅੰਬਾਲਾ ਛਾਉਣੀ ਦੀ ਜਗਾਧਰੀ ਰੋਡ ’ਤੇ 20 ਜਨਵਰੀ ਨੂੰ ਡੀਏਵੀ ਰਿਵਰ ਸਾਈਡ ਸਕੂਲ ਦੇ ਕੋਲ ਹੋਏ ਮੋਹਿਤ ਰਾਣਾ ਤੇ ਵਿਸ਼ਾਲ ਉਰਫ਼ ਭੋਲਾ ਹੱਤਿਆ ਕਾਂਡ ਵਿੱਚ ਗ੍ਰਿਫ਼ਤਾਰ ਕਰਕੇ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਸੀ, ਜਿਸ ਮਗਰੋਂ ਅੱਜ ਅਦਾਲਤ ਵਿੱਚ ਪੇਸ਼ ਕਰਨ ’ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਰਾਣਾ ਤੇ ਭੋਲਾ ਨੂੰ ਜਿਮ ਜਾਣ ਵੇਲੇ ਤਿੰਨ ਬਦਮਾਸ਼ਾਂ ਨੇ ਸਕੂਲ ਦੇ ਲਾਗੇ ਤਾਬੜਤੋੜ ਗੋਲੀਆਂ ਵਰ੍ਹਾ ਕੇ ਮਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਹੇਸ਼ ਨਗਰ ਥਾਣੇ ਵਿੱਚ ਦਰਜ ਇਸ ਕੇਸ ਵਿੱਚ ਸੀਆਈਏ-2 ਅੰਬਾਲਾ ਦੀ ਟੀਮ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।