ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਮਿੱਡੂਖੇੜਾ ਕਤਲ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਗੈਂਗਸਟਰ ਅਮਨ ਡਾਗਰ ਦੇ ਸਹਿਯੋਗੀ ਗੈਂਸਗਟਰ ਕੌਸ਼ਲ ਗੁੜਗਾਓਂ ਨੂੰ ਪੜਤਾਲ ਲਈ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿੱਚ ਲਿਆ ਹੈ। ਉਸ ਖ਼ਿਲਾਫ਼ ਕਤਲ ਸਣੇ ਹੋਰ ਕੇਸ ਦਰਜ ਹਨ। ਸੀਆਈਏ ਸਟਾਫ ਵੱਲੋਂ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ। ਕੁੱਝ ਸਮਾਂ ਪਹਿਲਾਂ ਦਿੱਲੀ ਅਤੇ ਫਰੀਦਾਬਾਦ ਦੀ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਕੌਸ਼ਲ ਨੂੰ ਦੁਬਈ ਤੋਂ ਭਾਰਤ ਲਿਆਂਦਾ ਸੀ। ਇਸ ਤੋਂ ਪਹਿਲਾਂ ਪੁਲੀਸ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੁੱਪੀ ਰਾਣਾ, ਅਮਨ ਜੈਤੋ, ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆ ਕੇ ਪੜਤਾਲ ਕਰ ਚੁੱਕੀ ਹੈ ਪਰ ਪੁਲੀਸ ਹੁਣ ਤੱਕ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਸੂਤਰਾਂ ਅਨੁਸਾਰ ਮੁਹਾਲੀ ਪੁਲੀਸ ਨੇ ਗੈਂਗਸਟਰ ਅਮਲ ਡਾਗਰ ਨੂੰ ਹਿਰਾਸਤ ਵਿੱਚ ਲੈ ਕੇ ਪੜਤਾਲ ਲਈ ਪ੍ਰੋਡਕਸ਼ਨ ਵਾਰੰਟ ਹਾਸਲ ਕੀਤੇ ਹਨ। ਅਮਲ ਡਾਗਰ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹੈ। ਅਦਾਲਤ ਨੇ ਗੈਂਗਸਟਰ ਅਮਲ ਡਾਗਰ ਦੇ 23 ਸਤੰਬਰ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ। ਸੂਤਰ ਦੱਸਦੇ ਹਨ ਕਿ ਪੁਲੀਸ ਨੇ ਦੋ ਕਾਤਲ ਗੈਂਗਸਟਰਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ’ਚੋਂ ਇਕ ਦਿੱਲੀ ਅਤੇ ਦੂਜਾ ਹਰਿਆਣਾ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਬੀਤੀ ਸੱਤ ਅਗਸਤ ਨੂੰ ਦਿਨ ਦਿਹਾੜੇ ਇੱਥੋਂ ਦੇ ਸੈਕਟਰ-71 ਸਥਿਤ ਕਮਿਊਨਿਟੀ ਸੈਂਟਰ ਨੇੜਲੀ ਮਾਰਕੀਟ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਬਾਹਰ ਗੋਲੀਆਂ ਮਾਰ ਕੇ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ।