ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਕਤੂਬਰ
ਇੱਥੇ ਜਲੰਧਰ ਬਾਈਪਾਸ ’ਤੇ ਨਾਕਾਬੰਦੀ ਦੌਰਾਨ ਗੱਡੀ ਭਜਾਉਣ ਵਾਲੇ ਗੈਂਗਸਟਰ ਜਤਿੰਦਰ ਸਿੰਘ ਉਰਫ਼ ਜਿੰਦੀ ਦਾ ਤਿੰਨ ਦਿਨਾਂ ਮਗਰੋਂ ਲੁਧਿਆਣਾ ਪੁਲੀਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ। ਹਾਲਾਂਕਿ ਪੁਲੀਸ ਦੀਆਂ ਪੰਜ ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਗੈਂਗਸਟਰ ਜਿੰਦੀ ਦੀ ਭਾਲ ਵਿੱਚ ਜੁਟੀਆਂ ਹਨ। ਡੀਸੀਪੀ ਜਾਂਚ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਵੱਲੋਂ ਸ਼ਹਿਰ ਨੂੰ ਲੱਗਣ ਵਾਲੇ ਸਾਰੇ ਟੌਲ ਪਲਾਜ਼ਿਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਇਨ੍ਹਾਂ ਟੌਲ ਪਲਾਜ਼ਿਆਂ ਤੋਂ ਉਸ ਨੰਬਰ ਦੀ ਸਵਿਫਟ ਕਾਰ ਨਹੀਂ ਲੰਘੀ, ਜਿਸ ਵਿੱਚ ਉਹ ਸਵਾਰ ਸੀ। ਉਨ੍ਹਾਂ ਕਿਹਾ ਕਿ ਜਿਹੜੇ ਇਲਾਕਿਆਂ ’ਚ ਉਸ ਦੇ ਲੁਕੇ ਹੋਣ ਦਾ ਖਦਸ਼ਾ ਹੈ, ਉਨ੍ਹਾਂ ਥਾਵਾਂ ’ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਅੱਜ ਗੈਂਗਸਟਰ ਜਿੰਦੀ ਦੀਆਂ ਕੁਝ ਤਸਵੀਰਾਂ ਸਿਆਸੀ ਆਗੂਆਂ ਨਾਲ ਵਾਇਰਲ ਹੋਈਆਂ ਹਨ।