ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਗਸਤ
ਅਤਿਵਾਦੀਆਂ ਨੂੰ ਹਥਿਆਰ ਮੁੱਹਈਆ ਕਰਵਾਉਣ ਦੇ ਨਾਲ ਨਾਲ ਪੰਜਾਬ ਦੀਆਂ ਕਈ ਵੱਡੀਆਂ ਵਾਰਦਾਤਾਂ ’ਚ ਨਾਜ਼ਮਦ ਗੈਂਗਸਟਰ ਗੁਗਨੀ ਦੇ ਸਾਥੀ ਨੂੰ ਕਮਿਸ਼ਨਰੇਟ ਪੁਲੀਸ ਨੇ ਹਥਿਆਰ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਰਾਹੋਂ ਰੋਡ ਸਥਿਤ ਗੌਂਸਗੜ੍ਹ ਕੋਲੋਂ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ ਇੱਕ ਪਿਸਤੌਲ ਤੇ 6 ਕਾਰਤੂਸ ਬਰਾਮਦ ਹੋਏ ਹਨ। ਇਸ ਮਾਮਲੇ ’ਚ ਥਾਣਾ ਮਿਹਰਬਾਨ ਦੀ ਪੁਲੀਸ ਨੇ ਪਿੰਡ ਗਦਾਪੁਰ ਵਾਸੀ ਨਵਪ੍ਰੀਤ ਸਿੰਘ ਉਰਫ਼ ਨਵੀ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨਵੀ ’ਤੇ ਕਾਂਗਰਸੀ ਸਰਪੰਚ ਰਵੀ ਖੁਆਜਕੇ ਦੇ ਕਤਲ ਦਾ ਕੇਸ ਵੀ ਦਰਜ ਹੈ ਤੇ ਉਹ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏਐੱਸਆਈ ਸੁਖਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੌਂਸਗੜ੍ਹ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਕੋਲ ਨਾਜਾਇਜ਼ ਹਥਿਆਰ ਹੈ। ਉਹ ਗੈਂਗਸਟਰ ਗੁਗਨੀ ਦਾ ਸਾਥੀ ਹੈ, ਜਿਸ ਨੇ ਅਤਿਵਾਦੀਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਤੇ ਕਈ ਗੈਂਗਵਾਰਾਂ ’ਚ ਵੀ ਉਹ ਨਾਮਜ਼ਦ ਹੈ। ਇਸ ਤੋਂ ਇਲਾਵਾ ਗੈਂਗਸਟਰ ਗੁਗਨੀ ’ਤੇ ਕਾਂਗਰਸੀ ਸਰਪੰਚ ਰਵੀ ਖੁਆਜਕੇ ਦੇ ਕਤਲ ਦਾ ਕੇਸ ਵੀ ਦਰਜ ਹੈ। ਨਾਕਾਬੰਦੀ ਦੌਰਾਨ ਪੁਲੀਸ ਨੇ ਮੁਲਜ਼ਮ ਨਵੀ ਨੂੰ ਰੋਕ ਕੇ ਤਲਾਸ਼ੀ ਦੌਰਾਨ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ।