ਪੱਤਰ ਪ੍ਰੇਰਕ
ਬਠਿੰਡਾ, 13 ਅਕਤੂਬਰ
ਪੁਲੀਸ ਨੇ ਗੈਂਗਸਟਰ ਮਨਪ੍ਰੀਤ ਮੰਨਾ ਨਾਲ ਮਿਲ ਕੇ ਫ਼ਿਰੌਤੀਆਂ ਮੰਗਣ ਵਾਲੇ ਗਰੋਹ ਦੇ ਅੱਧੀ ਦਰਜਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਫ਼ਿਰੌਤੀ ਦੇ ਰੂਪ ’ਚ ਵਸੂਲੀ ਗਈ ਕਰੀਬ 20 ਲੱਖ ਰੁਪਏ ਦੀ ਨਕਦੀ, ਤਿੰਨ ਪਿਸਤੌਲ ਅਤੇ ਇੱਕ ਬੰਦੂਕ ਬਰਾਮਦ ਕੀਤੀ ਹੈ। ਬਠਿੰਡਾ ਜ਼ੋਨ ਦੇ ਇੰਸਪੈਕਟਰ ਜਨਰਲ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ 9 ਅਕਤੂਬਰ ਨੂੰ ਵਿਜੈ ਕੁਮਾਰ ਵਾਸੀ ਨੱਤ ਰੋਡ ਤਲਵੰਡੀ ਸਾਬੋ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਨੇ ਫੋਨ ਕਰਕੇ ਉਸ ਕੋਲੋਂ ਪੈਂਸਿਆਂ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਮੁਦੱਈ ਨੇ ਤਲਵੰਡੀ ਸਾਬੋ ਦੇ ਕੌਂਸਲਰ ਸਤਿੰਦਰ ਸਿੰਘ ਰਾਹੀਂ ਪਹਿਲਾਂ ਸੱਤ ਅਕਤੂਬਰ ਨੂੰ ਚਾਰ ਲੱਖ ਰੁਪਏ ਅਤੇ ਫਿਰ ਅੱਠ ਅਕਤੂਬਰ ਨੂੰ ਛੇ ਲੱਖ ਰੁਪਏ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਭੇਜੇ ਵਿਅਕਤੀ ਨੂੰ ਦਿੱਤੇ। ਇਸ ਮਾਮਲੇ ਸਬੰਧੀ ਐੱਸਐੱਸਪੀ ਜੇ ਇਲਨਚੇਲੀਅਨ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਸਪੈਸ਼ਲ ਟੀਮਾਂ ਬਣਾਈਆਂ ਗਈਆਂ। ਇਨ੍ਹਾਂ ਟੀਮਾਂ ਨੇ ਸਾਂਝਾ ਅਪਰੇਸ਼ਨ ਕਰਦਿਆਂ ਇੱਕ ਸਕਾਰਪੀਓ ਗੱਡੀ ਵਿੱਚੋਂ ਕਰਨਦੀਪ ਸਿੰਘ ਉਰਫ ਝੰਡਾ, ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਉਰਫ ਬੌਬੀ, ਕਾਲਾ ਸਿੰਘ, ਤਾਜਵੀਰ ਸਿੰਘ ਉਰਫ ਸਪੋਟੀ ਅਤੇ ਪਰਮਵੀਰ ਸਿੰਘ ਉਰਫ ਪਰਮ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ’ਤੇ ਜਿਸ ਵਪਾਰੀ ਪਾਸੋਂ ਉਸ ਨੇ ਫਿਰੌਤੀ ਹਾਸਲ ਕਰਨੀ ਹੁੰਦੀ ਹੈ, ਉਸ ਨਾਲ ਆਪਣੇ ਫੋਨ ਤੋਂ ਗੱਲ ਕਰਵਾਉਂਦੇ ਸੀ ਅਤੇ ਜੇਕਰ ਕੋਈ ਮਨਪ੍ਰੀਤ ਮੰਨਾ ਦੀ ਗੱਲ ਨਹੀਂ ਮੰਨਦਾ ਸੀ ਤਾਂ ਉਸ ਵਪਾਰੀ ਦੇ ਘਰ ਦੇ ਸਾਹਮਣੇ ਹਵਾਈ ਫਾਇਰ ਕਰਦੇ ਸਨ।