ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਪੈੜ ਨੱਪਦਿਆਂ ਮੁਕਤਸਰ ਪੁਲੀਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੁੱਪ ਦੇ ਇਕ ਗੈਂਗਸਟਰ ਗੁਰਦੀਪ ਸਿੰਘ ਗੀਟਾ ਵਾਸੀ ਪਿੰਡ ਕਿੰਗਰਾ (ਹਰਿਆਣਾ) ਨੂੰ ਦਰਜਨਾਂ ਹਥਿਆਰਾਂ ਅਤੇ ਮਹਿੰਗੀਆਂ ਗੱਡੀਆਂ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਕਿੰਗਰਾ (ਹਰਿਆਣਾ) ਵਜੋਂ ਹੋਈ ਹੈ। ਆਈਜੀ ਪੀ ਕੇ ਯਾਦਵ ਨੇ ਦੱਸਿਆ ਕਿ ਇਹ ਸਫ਼ਲਤਾ ਮੁਕਤਸਰ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਅਤੇ ਉਨ੍ਹਾਂ ਦੇ ਸਾਥੀ ਅਧਿਕਾਰੀ ਮੋਹਨ ਲਾਲ ਕਪਤਾਨ ਪੁਲੀਸ (ਇਨਵੈ.) ਅਤੇ ਗੁਰਪ੍ਰੀਤ ਸਿੰਘ ਡੀਐੱਸਪੀ (ਡੀ) ਵੱਲੋਂ ਹਾਸਲ ਕੀਤੀ ਗਈ ਹੈ। ਪੁਲੀਸ ਨੇ ਗੁਰਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ 2 ਪਿਸਤੌਲ ਅਤੇ ਇਕ 12 ਬੋਰ ਦੀ ਬੰਦੂਕ ਬਰਾਮਦ ਕੀਤੀ ਹੈ ਜਦੋਂਕਿ ਉਸ ਨੇ 7 ਹੋਰ ਹਥਿਆਰ ਬਰਾਮਦ ਕਰਾਉਣ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਇਹ ਹਥਿਆਰ ਮਨਪ੍ਰੀਤ ਸਿੰਘ ਮੰਨਾ ਤੇ ਗੋਲਡੀ ਬਰਾੜ ਦੇ ਕਹਿਣ ’ਤੇ ਲੈ ਕੇ ਆਇਆ ਸੀ। ਉਸ ਕੋਲ ਆਮਦਨ ਦਾ ਸਾਧਨ ਭਾਵੇਂ ਕੋਈ ਨਹੀਂ ਹੈ ਪਰ ਉਸ ਕੋਲੋਂ ਐਂਡੇਵਰ, ਫਾਰਚੂਨਰ ਅਤੇ ਸਕਾਰਪੀਓ ਵਰਗੀਆਂ ਮਹਿੰਗੀਆਂ ਗੱਡੀਆਂ ਮਿਲੀਆਂ ਹਨ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜਾਂਚ ਵਿਚ ਜੁਟੀ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕਾਲਾਂਵਾਲੀ ਖੇਤਰ ਦੇ ਪਿੰਡ ਤਖਤਮੱਲ ਦੇ ਵਾਸੀ ਬਲਦੇਵ ਸਿੰਘ ਉਰਫ਼ ਨਿੱਕੂ ਦੀ ਭਾਲ ਵਿੱਚ ਛਾਪਾ ਮਾਰਿਆ ਗਿਆ। ਪੰਜਾਬ ਪੁਲੀਸ ਕਰੀਬ 2 ਘੰਟੇ ਤੱਕ ਉਸ ਨੂੰ ਲੱਭਦੀ ਰਹੀ ਪਰ ਉਸ ਬਾਰੇ ਕੋਈ ਸੁਰਾਗ ਨਾ ਮਿਲਿਆ। ਦੱਸਿਆ ਜਾਂਦਾ ਹੈ ਕਿ ਪੰਜਾਬ ਪੁਲੀਸ ਨੂੰ ਕੁੱਝ ਅਜਿਹੇ ਮੋਬਾਈਲ ਨੰਬਰ ਮਿਲੇ ਹਨ, ਜਿਨ੍ਹਾਂ ਨਾਲ ਨਿੱਕੂ ਗੱਲ ਕਰਦਾ ਸੀ। ਇੰਜ ਹੀ ਸ੍ਰੀ ਮੁਕਤਸਰ ਸਾਹਿਬ ਦੀ ਸੀਆਈਏ ਸਟਾਫ਼ ਪੁਲੀਸ ਵੀ ਖੇਤਰ ਦੇ ਥਾਣਾ ਔਢਾਂ ਦੇ ਪਿੰਡ ਕਿੰਗਰੇ ਵਿੱਚ ਲਗਾਤਾਰ ਛਾਪੇ ਮਾਰ ਰਹੀ ਹੈ। ਨਿੱਕੂ ’ਤੇ ਇਹ ਦੋਸ਼ ਹੈ ਕਿ ਉਸ ਨੇ ਰੇਕੀ ਕਰਨ ਅਤੇ ਕਾਤਲਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਜ਼ਿਕਰਯੋਗ ਹੈ ਕਿ ਸੰਦੀਪ ਉਰਫ ਕੇਕੜਾ, ਨਿੱਕੂ ਦਾ ਦੋਸਤ ਹੈ ਅਤੇ ਉਹ ਲੰਬਾ ਸਮਾਂ ਇਕੱਠੇ ਕਬੱਡੀ ਖੇਡਦੇ ਰਹੇ ਸਨ। ਜਾਣਕਾਰੀ ਮੁਤਾਬਕ ਕੈਨੇਡਾ ’ਚ ਰਹਿ ਕੇ ਗਰੋਹ ਚਲਾ ਰਹੇ ਗੋਲਡੀ ਬਰਾੜ ਅਤੇ ਪੰਜਾਬ ਦੇ ਗੈਂਗਸਟਰ ਮਨਪ੍ਰੀਤ ਉਰਫ਼ ਮੰਨਾ ਨਾਲ ਨਿੱਕੂ ਦੀ ਅਕਸਰ ਹੀ ਗੱਲ ਹੁੰਦੀ ਸੀ। ਨਿੱਕੂ ਨੇ 2017 ’ਚ ਪਿੰਡ ਛੱਡ ਦਿੱਤਾ ਸੀ ਤੇ ਉਹ ਪਰਿਵਾਰ ਸਮੇਤ ਪੰਜਾਬ ਦੇ ਪਿੰਡ ਜੰਗੀਰਾਣਾ ਚਲਾ ਗਿਆ ਸੀ। ਪਿੰਡ ਤਖਤਮੱਲ ਦੇ ਲੋਕਾਂ ਨੇ ਕਿਹਾ ਕਿ ਨਿੱਕੂ ਪਿਛਲੇ ਡੇਢ ਸਾਲ ਤੋਂ ਪਿੰਡ ਨਹੀਂ ਆਇਆ ਅਤੇ ਉਸ ਦੇ ਘਰ ਤਾਲਾ ਲੱਗਿਆ ਹੋਇਆ ਹੈ।
9 ਮੁਲਜ਼ਮ ਅਦਾਲਤ ’ਚ ਪੇਸ਼
ਮਾਨਸਾ (ਪੱਤਰ ਪ੍ਰੇਰਕ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਸ਼ੱਕ ਦੇ ਆਧਾਰ ’ਤੇ ਫੜੇ ਗਏ 9 ਮੁਲਜ਼ਮਾਂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਵਿਚੋਂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਸਿੰਘ ਉਰਫ਼ ਕੇਕੜਾ ਅਤੇ ਪ੍ਰੋਡਕਸ਼ਨ ਵਾਰੰਟ ਉਪਰ ਲਿਆਂਦੇ ਮੋਨੂੰ ਡਾਗਰ, ਪਵਨ ਤੇ ਨਸੀਬ ਖ਼ਾਨ ਦਾ 15 ਜੂਨ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਸਿਟੀ-1 ਦੇ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਾਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਅਤੇ ਚਰਨਜੀਤ ਸਿੰਘ ਚੇਤਨ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸੇ ਦੌਰਾਨ ਦਿੱਲੀ ਪੁਲੀਸ ਵੱਲੋਂ ਜਿਹੜੇ ਅੱਠ ਸ਼ੂਟਰਾਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਗਈਆਂ ਸਨ, ਉਨ੍ਹਾਂ ਦਾ ਪੰਜਾਬ ਪੁਲੀਸ ਨਾਲ ਉਸ ਵੇਲੇ ਵਖਰੇਵਾਂ ਨਜ਼ਰ ਆਇਆ, ਜਦੋਂ ਬਠਿੰਡਾ ਦੇ ਹਰਕਮਲ ਸਿੰਘ ਉਰਫ਼ ਰਾਣੂੰ ਨੂੰ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਸ਼ਾਰਪ ਸ਼ੂਟਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।