ਫਿਲੌਰ (ਸਰਬਜੀਤ ਗਿੱਲ): ਸਥਾਨਕ ਪੁਲੀਸ ਨੇ ਇੱਕ ਗੈਂਗਸਟਰ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਜਲੰਧਰ ਦਿਹਾਤੀ ਦੇ ਐੱਸ.ਪੀ. (ਜਾਂਚ) ਸਰਬਜੀਤ ਸਿੰਘ ਬਾਹੀਆ ਅਤੇ ਸਥਾਨਕ ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਥਾਣਾ ਫਿਲੌਰ ਦੀ ਪੁਲੀਸ ਨੇ ਲਖਵਿੰਦਰ ਸਿੰਘ ਉਰਫ ਮਟਰੂ ਵਾਸੀ ਹੀਓਂ, ਥਾਣਾ ਸਦਰ ਬੰਗਾ ਨੂੰ ਕਾਬੂ ਕਰ ਕੇ ਉਸ ਕੋਲੋਂ ਇੱਕ ਸਿੰਗਲ ਬੈਰਲ 12 ਬੋਰ ਗੰਨ ਸਮੇਤ 40 ਕਾਰਤੂਸ, ਇੱਕ 12 ਬੋਰ ਡਬਲ ਬੈਰਲ ਗੰਨ ਸਮੇਤ 15 ਕਾਰਤੂਸ, ਇੱਕ ਪਿਸਤੌਲ 32 ਬੋਰ, ਇੱਕ ਪਿਸਤੌਲ 45 ਬੋਰ ਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਉਰਫ ਮਟਰੂ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਸੁਖਜਿੰਦਰ ਬਾਬਾ ਗਰੁੱਪ ਨਾਲ ਸਬੰਧ ਰੱਖਦਾ ਹੈ, ਜਿਸ ਦੀ ਖੱਤਰੀ ਗਰੁੱਪ ਨਾਲ ਦੁਸ਼ਮਣੀ ਚੱਲ ਰਹੀ ਹੈ। ਮੁਲਜ਼ਮ ਵੱਖ-ਵੱਖ ਦੋਸ਼ਾਂ ਤਹਿਤ ਅਗਸਤ 2016 ਤੋਂ ਮਈ 2017 ਤੱਕ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਸੀ। ਪਿਛਲੇ ਸਾਲ ਖੱਤਰੀ ਗਰੁਪ ਵੱਲੋਂ ਉਸ ਦੇ ਘਰ ’ਤੇ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਉਸ ਨੇ ਖੱਤਰੀ ਗੁਰੱਪ ਦੇ ਸੁਰਜੀਤ ਸਿੰਘ ਕੂਨਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਇਸੇ ਮਗਰੋਂ ਖੱਤਰੀ ਗਰੁੱਪ ਵੱਲੋਂ ਉਸ ਦੇ ਸਾਥੀ ਮੱਖਣ ਕੰਗ ਦਾ ਪਿੰਡ ਕੰਗ ਨੇੜੇ ਕਤਲ ਕੀਤਾ ਗਿਆ ਸੀ। ਹੁਣ ਮੱਖਣ ਸਿੰਘ ਦੀ ਹੱਤਿਆ ਦਾ ਬਦਲਾ ਲੈਣ ਲਈ ਉਸ ਨੇ ਉੱਤਰ ਪ੍ਰਦੇਸ਼ ਤੋਂ ਭਾਰੀ ਮਾਤਰਾ ਵਿੱਚ ਅਸਲਾ ਮੰਗਵਾਇਆ ਸੀ। ਇਸ ਅਰਸੇ ਦੌਰਾਨ ਉਹ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜ਼ਿਲ੍ਹਾ ਹਰਿਆਣਾ ਦੇ ਪਿੰਡਾਂ ਵਿੱਚ ਛੁਪ ਕੇ ਰਹਿੰਦਾ ਰਿਹਾ ਹੈ। ਪੁਲੀਸ ਮੁਤਾਬਕ ਮੁਲਜ਼ਮ ਕਈ ਕੇਸਾਂ ’ਚ ਭਗੌੜਾ ਚੱਲ ਰਿਹਾ ਸੀ।