ਪੱਤਰ ਪ੍ਰੇਰਕ
ਮਾਨਸਾ, 25 ਅਗਸਤ
ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਅੱਜ ਮੁੜ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗਾਇਕ ਮਨਕੀਰਤ ਔਲਖ ਨੂੰ ਹਰ ਹੀਲੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦਵਿੰਦਰ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਗਈ ਇਸ ਧਮਕੀ ਵਿੱਚ ਕਿਹਾ ਗਿਆ ਹੈ ਕਿ ਉਕਤ ਤਿੰਨਾਂ ਨੂੰ ਮਾਰੇ ਬਿਨਾਂ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਇਹ ਵੀ ਕਿਹਾ ਪੰਜਾਬੀ ਗਾਇਕ ਮਨਕੀਰਤ ਔਲਖ ਚਾਹੇ ਕਿਤੇ ਵੀ ਜਾ ਕੇ ਲੁਕ ਜਾਵੇ, ਉਸ ਨੂੰ ਮਾਰ ਦਿੱਤਾ ਜਾਵੇਗਾ। ਬੀਤੇ ਕੱਲ੍ਹ ਵੀ ਇਸੇ ਖਾਤੇ ਤੋਂ ਧਮਕੀ ਦਿੱਤੀ ਗਈ ਸੀ। ਗੈਂਗਸਟਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਕੀਤੇ ਜਾ ਰਹੇ ਮੋਮਬੱਤੀ ਮਾਰਚ ਸ਼ਾਮਲ ਹੋਣ ਲਈ ਕਿਹਾ ਹੈ। ਸੰਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲੀਸ ਜਿੰਨੇ ਮਰਜ਼ੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਬਣਾਈ ਜਾਵੇ, ਉਨ੍ਹਾਂ ਸਭ ਵਿੱਚ ਕੁੱਝ ਭ੍ਰਿਸ਼ਟ ਮੁਲਾਜ਼ਮ ਮੌਜੂਦ ਹਨ।