ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 17 ਅਕਤੂਬਰ
ਇੱਥੋਂ ਦੀ ਕੇਂਦਰੀ ਜੇਲ੍ਹ ’ਚ ਬੰਦ ਇੱਕ ਗੈਂਗਸਟਰ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ’ਤੇ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਆਪਣੀ ਟੀਮ ਦੇ ਨਾਲ ਕੇਂਦਰੀ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ਦੀ ਤਲਾਸ਼ੀ ਲੈ ਰਹੇ ਸਨ। ਇਸ ਦੌਰਾਨ ਜੇਲ੍ਹ ਵਿੱਚ ਬੰਦ ਗੈਂਗਸਟਰ ਧਰਮਿੰਦਰ ਸਿੰਘ ਉਰਫ਼ ਰਾਜੀ ਵਾਸੀ ਪਿੰਡ ਦੁਸਾਂਝ, ਜ਼ਿਲ੍ਹਾ ਮੋਗਾ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਇਆ। ਜੇਲ੍ਹ ਅਧਿਕਾਰੀ ਜਦੋਂ ਉਸ ਕੋਲੋਂ ਪੁੱਛਗਿਛ ਕਰਨ ਲੱਗੇ ਤਾਂ ਉਸ ਨੇ ਜੇਲ੍ਹ ਅਧਿਕਾਰੀਆਂ ’ਤੇ ਇੱਟ ਨਾਲ ਹਮਲਾ ਕਰ ਦਿੱਤਾ। ਹਾਲਾਂਕਿ, ਇਸ ਦੌਰਾਨ ਕਿਸੇ ਅਧਿਕਾਰੀ ਨੂੰ ਕੋਈ ਸੱਟ ਨਹੀਂ ਲੱਗੀ। ਜੇਲ੍ਹ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਬੈਰਕ ਵਿੱੱਚ ਬੰਦ ਕਰ ਦਿੱਤਾ। ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਦੀ ਪੁਲੀਸ ਨੇ ਮੁਲਜ਼ਮ ਧਰਮਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਵਿੱਢ ਦਿੱਤੀ ਹੈ। ਜੇਲ੍ਹ ਅਧਿਕਾਰੀਆਂ ਨੂੰ ਤਿੰਨ ਹੋਰ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਜਿਸ ਸਬੰਧੀ ਹਵਾਲਾਤੀ ਸੁਰਿੰਦਰ ਸਿੰਘ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਅੰਦਰ ਹੁਣ ਤੱਕ ਇਸ ਜੇਲ੍ਹ ਵਿੱਚੋਂ 350 ਤੋਂ ਵੱਧ ਮੋਬਾਈਲ ਬਰਾਮਦ ਹੋ ਚੁੱਕੇ ਹਨ।