ਨਿੱਜੀ ਪੱਤਰ ਪ੍ਰੇਰਕ
ਮੋਗਾ, 7 ਅਪਰੈਲ
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਇੱਕ ਗੈਂਗਸਟਰ ਦੇ ਪੁਲੀਸ ਰਿਕਾਰਡ ਦੀ ਘੋਖ ਪੜਤਾਲ ’ਚ ਲਾਪ੍ਰਵਾਹੀ ਦੇ ਦੋਸ਼ ਹੇਠ ਇੱਕ ਥਾਣੇਦਾਰ ਅਤੇ ਹੌਲਦਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਦੋਵਾਂ ਮੁਲਾਜ਼ਮਾਂ ਵੱਲੋਂ ਪੁਲੀਸ ਰਿਪੋਰਟ ਵਿੱਚ ਗੈਂਗਸਟਰ ਖ਼ਿਲਾਫ਼ ਦਰਜ ਫੌਜਦਾਰੀ ਕੇਸਾਂ ਦੇ ਤੱਥ ਛੁਪਾਉਣ ਕਾਰਨ ਉਹ ਪਾਸਪੋਰਟ ਬਣਾ ਕੇ ਵਿਦੇਸ਼ ਜਾਣ ਵਿੱਚ ਸਫ਼ਲ ਹੋ ਗਿਆ। ਇੱਥੇ ਕਾਰੋਬਾਰੀਆਂ ਨੂੰ ਵਿਦੇਸ਼ ਤੋਂ ਫ਼ਿਰੌਤੀ ਲਈ ਆ ਰਹੇ ਧਮਕੀਆਂ ਵਾਲੇ ਫੋਨਾਂ ਦੀ ਸਾਜ਼ਿਸ਼ ਵਿੱਚ ਉਸ ਦਾ ਨਾਮ ਆਉਣ ’ਤੇ ਮਾਮਲੇ ਦੀ ਪੋਲ ਖੁੱਲ੍ਹੀ ਹੈ।
ਇਸ ਮਾਮਲੇ ’ਚ ਥਾਣਾ ਸਦਰ ਪੁਲੀਸ ਸਾਂਝ ਕੇਂਦਰ ਵਿੱਚ ਤਾਇਨਾਤ ਤਤਕਾਲੀ ਏਐੱਸਆਈ ਪ੍ਰਭਦਿਆਲ ਸਿੰਘ ਹੁਣ ਵਰਦੀ ਸਟੋਰ ਪੁਲੀਸ ਲਾਈਨ ਅਤੇ ਤਤਕਾਲੀ ਥਾਣਾ ਸਦਰ ਮੁੱਖ ਮੁਨਸ਼ੀ ਅਤੇ ਹੁਣ ਐਂਟੀ ਹਿਊਮਨ ਟਰੈਫਕਿੰਗ ਸੈੱਲ ਵਿੱਚ ਤਾਇਨਾਤ ਹੌਲਦਾਰ ਗੁਰਵਿੰਦਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।
ਪੁਲੀਸ ਸੂਤਰਾਂ ਅਨੁਸਾਰ ਸੁਖਦੂਲ ਸਿੰਘ ਉਰਫ਼ ਸੁੱਖਾ ਪਿੰਡ ਦੁਨੇਕੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਸਨ ਅਤੇ ਉਹ ਕੁਝ ਕੇਸਾਂ ਵਿੱਚੋਂ ਬਰੀ ਹੋ ਗਿਆ ਸੀ ਅਤੇ ਕੁਝ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸਨ। ਕਰੀਬ ਦੋ ਸਾਲ ਪਹਿਲਾਂ ਉਸ ਨੇ ਵਿਦੇਸ਼ ਜਾਣ ਲਈ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ। ਉਸ ਸਮੇਂ ਥਾਣਾ ਸਦਰ ਦੇ ਸਾਂਝ ਕੇਂਦਰ ਵਿੱਚ ਤਾਇਨਾਤ ਏਐੱਸਆਈ ਪ੍ਰਭਦਿਆਲ ਸਿੰਘ ਨੇ ਉਸ ਦਾ ਚਾਲ ਚਲਨ ਆਦਿ ਦਰੁਸਤ ਹੋਣ ਦੀ ਜਾਣਕਾਰੀ ਦਿੱਤੀ ਅਤੇ ਉਸ ਸਮੇਂ ਤਾਇਨਾਤ ਥਾਣਾ ਸਦਰ ਦੇ ਮੁੱਖ ਮੁਨਸ਼ੀ ਗੁਰਵਿੰਦਰ ਸਿੰਘ ਨੇ ਉਸ ਦੇ ਪੈਂਡਿੰਗ ਫੌਜਦਾਰੀ ਕੇਸਾਂ ਦਾ ਵੇਰਵਾ ਨਹੀਂ ਦਿੱਤਾ, ਜਿਸ ਕਾਰਨ ਉਹ ਪਾਸਪੋਰਟ ਹਾਸਲ ਕਰ ਕੇ ਵਿਦੇਸ਼ ਜਾਣ ਵਿੱਚ ਸਫ਼ਲ ਹੋ ਗਿਆ।