ਖੇਤਰੀ ਪ੍ਰਤੀਨਿਧ
ਪਟਿਆਲਾ, 16 ਨਵੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 39ਵੀਂ ਸਾਲਾਨਾ ਕਨਵੋਕੇਸ਼ਨ 9 ਦਸੰਬਰ ਨੂੰ ਹੋਣ ਜਾ ਰਹੀ ਹੈ। ਭਾਵੇਂ ਕਿ ਇਹ ਕਨਵੋਕੇਸ਼ਨ ਹਰ ਸਾਲ ਹੋਣੀ ਹੁੰਦੀ ਹੈ, ਪਰ ਕਾਂਗਰਸ ਦੀ ਵਰਤਮਾਨ ਸਰਕਾਰ ਦੌਰਾਨ ਇੱੱਕ ਵਾਰ ਵੀ ਨਹੀਂ ਹੋ ਸਕੀ। ਇਸ ਕਰ ਕੇ ਆਪਣੇ ਆਪ ’ਚ ਵਿਸ਼ੇਸ਼ ਮਹੱਤਵ ਰੱਖਦੀ ਇਹ ਕਨਵੋਕੇਸ਼ਨ ਹੁਣ ਛੇ ਸਾਲਾਂ ਮਗਰੋਂ ਹੋਣ ਜਾ ਰਹੀ ਹੈ। ਇਸ ਨੂੰ ਕਰਵਾਉਣ ਦਾ ਤਹੱਈਆ ਯੂਨੀਵਰਸਿਟੀ ਵਿੱਚ ਕੁਝ ਹੀ ਸਮਾਂ ਪਹਿਲਾਂ ਤਾਇਨਾਤ ਹੋਏ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤਾ ਗਿਆ ਹੈ। ਕਨਵੋਕੇਸ਼ਨ ਦੀ ਪ੍ਰਧਾਨਗੀ ਚਾਂਸਲਰ ਹੋਣ ਦੇ ਨਾਤੇ ਪੰਜਾਬ ਦੇ ਰਾਜਪਾਲ ਕਰਨਗੇ। ਜਦਕਿ ਦੇਸ਼ ਦੀ ਉੱਘੀ ਸਾਇੰਟਿਸਟ ਡਾ. ਗਗਨਦੀਪ ਕੰਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਰੌਇਲ ਸੁਸਾਇਟੀ ਲੰਡਨ ਨਾਲ ਜੁੜੀ ਹੋਈ ਉਹ ਪਲੇਠੀ ਭਾਰਤੀ ਮਹਿਲਾ ਸਾਇੰਟਿਸਟ ਹੈ। 2019 ’ਚ ਇਸ ਸੁਸਾਇਟੀ ਲਈ ਫੈਲੋ ਵਜੋਂ ਚੁਣੇ ਗਏ 51 ਸਾਇੰਟਿਸਟਾਂ ਵਿਚ ਗਗਨਦੀਪ ਕੰਗ ਇਕਲੌਤੀ ਭਾਰਤੀ ਮਹਿਲਾ ਸਾਇੰਟਿਸਟ ਸੀ। ਇਹ ਇੱਕ ਅਜਿਹੀ ਸੁਸਾਇਟੀ ਹੈ, ਜਿਸ ਨਾਲ ਦੁਨੀਆ ਦੇ ਕਈ ਵੱਡੇ ਸਾਇੰਟਿਸਟ ਵੀ ਜੁੜੇ ਰਹੇ ਹਨ। ਕਰੋਨਾ ਦੇ ਕਹਿਰ ਦੌਰਾਨ ਉਨ੍ਹਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ। ਇਸੇ ਦੌਰਾਨ ਭਾਰਤ ਵੱਲੋਂ ਬਣਾਏ ਗਏ ਰੋਟਾਵਾਇਰਸ ਵੈਕਸੀਨ ’ਚ ਵੀ ਗਗਨਦੀਪ ਕੰਗ ਦੀ ਅਹਿਮ ਭੂਮਿਕਾ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਰੋਨਾ ਕਹਿਰ ਦੌਰਾਨ ਵੀ ਵੱਖ-ਵੱਖ ਪੱਧਰ ’ਤੇ ਅਹਿਮ ਭੂਮਿਕਾ ਨਿਭਾਈ ਹੈ।