ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 30 ਅਗਸਤ
ਮੰਡੀ ਗੋਬਿੰਦਗੜ੍ਹ ਦੀ ਇੱਕ ਫਰਨੇਸ ਫ਼ੈਕਟਰੀ ਵਿੱਚ ਸ਼ਨਿਚਰਵਾਰ ਹੋਏ ਧਮਾਕੇ ਦੌਰਾਨ ਝੁਲਸੇ 10 ਮਜ਼ਦੂਰਾਂ ’ਚੋਂ ਇਕ ਗੰਭੀਰ ਜ਼ਖ਼ਮੀ ਰਾਮ ਆਧਾਰ ਪੁੱਤਰ ਜ਼ੋਰਾ ਵਾਸੀ ਧਰਮਤਪੁਰ ਪੰਡਤ ਪੁਰਬਾ ਜ਼ਿਲ੍ਹਾ ਸਰਸਵਤੀ ਪੁਰਮ ਉੱਤਰ ਪ੍ਰਦੇਸ਼ ਦੀ ਚੰਡੀਗੜ੍ਹ ਸੈਕਟਰ-32 ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜਾਂਚ ਅਧਿਕਾਰੀ ਐੱਸਐੱਚਓ ਮਹਿੰਦਰ ਸਿੰਘ ਨੇ ਪੁਸ਼ਟੀ ਦੱਸਿਆ ਕਿ ਮ੍ਰਿਤਕ ਦੀ ਲਾਸ਼ ਮੰਡੀ ਗੋਬਿੰਦਗੜ੍ਹ ਲਿਆ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀ ਹੈ ਜੋ ਕਾਰਵਾਈ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਥਾਣਾ ਮੁਖੀ ਨੇ ਦੱਸਿਆ ਕਿ ਧਮਾਕੇ ਸਬੰਧੀ ਪੁਲੀਸ ਨੇ ਫਰਨੇਸ ਇਕਾਈ ਦੇ ਪ੍ਰੋਪਰਾਈਟਰ ਅਮਨ ਕੁਮਾਰ ਖ਼ਿਲਾਫ਼ ਲਾਪ੍ਰਵਾਹੀ ਵਰਤਣ ਦੇ ਦੋਸ਼ ਤਹਿਤ ਧਾਰਾ 287, 336 ਤੇ 337 ਅਧੀਨ ਕੇਸ ਦਰਜ ਕੀਤਾ ਸੀ ਪਰ ਹੁਣ ਇੱਕ ਮਜ਼ਦੂਰ ਦੀ ਮੌਤ ਹੋ ਜਾਣ ਤੋਂ ਬਾਅਦ ਧਾਰਾ 304ਏ ਦਾ ਵਾਧਾ ਕੀਤਾ ਗਿਆ ਹੈ। ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ’ਚ ਅਜੇ ਵੀ 5 ਗੰਭੀਰ ਜ਼ਖ਼ਮੀ ਜਿਨ੍ਹਾਂ ਵਿੱਚ ਅੰਗਨੀ, ਨਰਿੰਦਰ ਕੁਮਾਰ, ਸੁਖਨੰਦਨ, ਸੁਰਿੰਦਰ ਕੁਮਾਰ ਅਤੇ ਸ਼ਹਿਰਯਾਰ ਖ਼ਾਨ ਜ਼ੇਰੇ ਇਲਾਜ ਹਨ। ਉੱਧਰ, ਫਰਨੇਸ ਫੈਕਟਰੀ ਮਾਲਕ ਹਰਮੇਸ਼ ਜੈਨ ਨੇ ਘਟਨਾ ਸਬੰਧੀ ਦੁੱਖ ਜਾਹਰ ਕਰਦਿਆਂ ਕਿਹਾ ਕਿ ਉਹ ਜ਼ਖ਼ਮੀਆਂ ਦੇ ਇਲਾਜ ਦਾ ਸਾਰਾ ਖਰਚਾ ਸਹਿਣ ਕਰ ਰਹੇ ਹਨ ਤੇ ਉਨ੍ਹਾਂ ਦੇ ਇਲਾਜ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਫਰਨੇਸ ਇਕਾਈ ਦੀ ਭੱਠੀ ’ਚ ਅਚਾਨਕ ਧਮਾਕਾ ਹੋਣ ਕਾਰਨ ਉੱਥੇ ਕੰਮ ਕਰਦੇ ਮਜ਼ਦੂਰਾਂ ’ਤੇ ਪਿਘਲਿਆ ਹੋਇਆ ਗਰਮ ਲੋਹਾ ਪੈਣ ਨਾਲ 10 ਮਜ਼ਦੂਰ ਝੁਲਸ ਗਏ ਸਨ। ਉਨ੍ਹਾਂ ’ਚੋਂ 65 ਤੋਂ 90 ਫ਼ੀਸਦੀ ਤੱਕ ਝੁਲਸੇ 6 ਮਜ਼ਦੂਰਾਂ ਨੂੰ ਚੰਡੀਗੜ੍ਹ ਸੈਕਟਰ-32 ਦੇ ਹਸਪਤਾਲ ਇਲਾਜ ਲਈ ਰੈਫ਼ਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਮਜ਼ਦੂਰ ਦੀ ਅੱਜ ਮੌਤ ਹੋ ਗਈ।