ਹਰਪ੍ਰੀਤ ਕੌਰ/ਜਗਜੀਤ ਸਿੰਘ
ਹੁਸ਼ਿਆਰਪੁਰ/ਮੁਕੇਰੀਆਂ, 8 ਮਈ
ਗੜ੍ਹਦੀਵਾਲਾ ਨੇੜਲੇ ਪਿੰਡ ਬਰਾਂਡਾ ਦੇ ਜੰਮ-ਪਲ ਤੇ 15 ਪੰਜਾਬ ਆਰਮੀ ਰੈਜੀਮੈਂਟ ਦੇ ਜਵਾਨ ਸੂਬੇਦਾਰ ਹਰਦੀਪ ਸਿੰਘ (47) ਦੀ ਬੀਤੇ ਦਿਨ ਅਰੁਣਾਚਲ ਪ੍ਰਦੇਸ਼ ਵਿੱਚ ਡਿਊਟੀ ਦੌਰਾਨ ਮੌਤ ਹੋ ਜਾਣ ਮਗਰੋਂ ਅੱਜ ਉਸ ਦੇ ਜੱਦੀ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇਹ ਲੈ ਕੇ ਆਏ ਨਾਇਬ ਸੂਬੇਦਾਰ ਹਰਪਾਲ ਸਿੰਘ ਤੇ ਸਿਪਾਹੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਸੂਬੇਦਾਰ ਹਰਦੀਪ ਸਿੰਘ ਦੀ ਮੌਤ ਗਸ਼ਤ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਹਲਕਾ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਐੱਸਐੱਚਓ ਗੜ੍ਹਦੀਵਾਲਾ ਬਲਵਿੰਦਰ ਸਿੰਘ, ਸੈਨਿਕ ਭਲਾਈ ਬੋਰਡ ਦੇ ਡਿਪਟੀ ਡਾਇਰੈਕਟਰ ਪੀਐੱਸ ਬਾਜਵਾ, ਕੈਪਟਨ ਨਰੇਸ਼ ਕੁਮਾਰ, ਨਾਇਬ ਸੂਬੇਦਾਰ ਸੁਖਦੇਵ ਰਾਜ ਤੇ ਹੋਰਨਾਂ ਨੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਰਹੂਮ ਸੂਬੇਦਾਰ ਹਰਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 6 ਮੁਹਾਰ ਰੈਜੀਮੈਂਟ ਜਲੰਧਰ ਕੈਂਟ ਤੋਂ ਆਈ ਫੌਜੀ ਟੁੱਕੜੀ ਨੇ ਸੂਬੇਦਾਰ ਸੁਖਦੇਵ ਰਾਜ ਦੀ ਅਗਵਾਈ ਹੇਠ ਮਰਹੂਮ ਸੂਬੇਦਾਰ ਹਰਦੀਪ ਸਿੰਘ ਨੂੰ ਸਲਾਮੀ ਦਿੱਤੀ ਤੇ ਵਰਿੰਦਰਪਾਲ ਸਿੰਘ ਨੇ ਆਪਣੇ ਪਿਤਾ ਦੇਹ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਸ਼ਹੀਦ ਦੀ ਮਾਤਾ ਤੀਰਥ ਕੌਰ, ਪਤਨੀ ਰਵਿੰਦਰ ਕੌਰ, ਬੇਟੀ ਅਮਨੀਤ ਕੌਰ ਤੇ ਹੋਰ ਰਿਸ਼ਤੇਦਾਰ ਵੀ ਹਾਜ਼ਰ ਸਨ। ਸੂਬੇਦਾਰ ਹਰਦੀਪ ਸਿੰਘ ਪਿੱਛੇ ਪਤਨੀ ਰਵਿੰਦਰ ਕੌਰ, ਬੇਟੀ ਅਤੇ ਪੁੱਤਰ ਛੱਡ ਗਿਆ।
ਮੁੱਖ ਮੰਤਰੀ ਵੱਲੋਂ ਇਕ ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦਾ ਐਲਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਸੂਬੇਦਾਰ ਹਰਦੀਪ ਸਿੰਘ ਦੇ ਪਰਿਵਾਰ ਲਈ ਇਕ ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਜੇਸੀਓ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦ ਸੂਬੇਦਾਰ ਹਰਦੀਪ ਸਿੰਘ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਪੂਰੀ ਲਗਨ ਅਤੇ ਸਮਰਪਿਤ ਭਾਵਨਾ ਨਾਲ ਡਿਊਟੀ ਨਿਭਾਈ ਤੇ ਉਨ੍ਹਾਂ ਦੀ ਕੁਰਬਾਨੀ ਸਾਥੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗੀ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਵਿੱਤੀ ਰਾਹਤ ਰਾਸ਼ੀ ਵਧਾ ਕੇ ਇਕ ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਸੀ।