ਪੱਤਰ ਪ੍ਰੇਰਕ
ਤਰਨ ਤਾਰਨ, 6 ਮਈ
ਸ਼ੰਭੂ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਣ ਵਾਲੀ ਪਹਿਲੀ ਕਿਸਾਨ ਔਰਤ ਬੀਬੀ ਬਲਵਿੰਦਰ ਕੌਰ ਦਾ ਅੱਜ ਉਸ ਦੇ ਪਿੰਡ ਵਲੀਪੁਰ ਵਿੱਚ ਇਨਕਲਾਬੀ ਰਵਾਇਤਾਂ ਅਨੁਸਾਰ ਸਸਕਾਰ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਆਗੂ ਬਲਵਿੰਦਰ ਕੌਰ ਨੂੰ ਸ਼ੰਭੂ ਮੋਰਚੇ ’ਤੇ ਸ਼ਨਿਚਰਵਾਰ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਰਾਜਪੁਰਾ ਦੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਅਤੇ ਸੂਬਾ ਆਗੂ ਸਵਿੰਦਰ ਸਿੰਘ ਚਤਾਲਾ ਨੇ ਬੀਬੀ ਬਲਵਿੰਦਰ ਕੌਰ ਦੇ ਸਸਕਾਰ ਮੌਕੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਬਦਕਿਸਮਤੀ ਹੈ ਕਿ ਸਾਡੀਆਂ ਮਾਵਾਂ- ਭੈਣਾਂ ਨੂੰ ਸੜਕਾਂ ’ਤੇ ਬੈਠ ਕੇ ਅੱਤ ਦੀ ਗਰਮੀ ਵਿੱਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੋਰਚਾ ਲਾਉਣਾ ਪਿਆ ਹੈ।