ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਜਨਵਰੀ
ਛੱਤੀਸਗੜ੍ਹ ਵਿੱਚ ਮਾਓਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਲਹਿਰਾਗਾਗਾ ਦੇ ਵਰਿੰਦਰ ਸਿੰਘ ਦਾ ਅੱਜ ਇੱਥੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਦੁਪਹਿਰੇ ਇੱਕ ਵਜੇ ਸੀਆਰਪੀਐੱਫ ਦੇ ਉੱਚ ਅਧਿਕਾਰੀਆਂ ਅਤੇ 208 ਕੋਬਰਾ ਕਮਾਂਡੋ ਦੇ ਜਵਾਨਾਂ ਨੇ ਹਥਿਆਰਾਂ ਨਾਲ ਸ਼ਹੀਦ ਨੂੰ ਸਲਾਮੀ ਦਿੱਤੀ।
ਇਸ ਮੌਕੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ, ਅਕਾਲੀ ਆਗੂ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸ ਦੇ ਸੂਬਾਈ ਆਗੂ ਦੁਰਲਭ ਸਿੱਧੂ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਹਰਜੀਤ ਕੌਰ, ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮ ਵੀਰ, ਐੱਸਡੀਐੱਮ ਨਵਰੀਤ ਕੌਰ ਸੇਖੋਂ, ‘ਆਪ’ ਆਗੂ ਜਸਬੀਰ ਸਿੰਘ ਕੁੰਦਨੀ ਅਤੇ ਸੀਆਰਪੀਐੱਫ ਚੰਡੀਗੜ੍ਹ ਦੇ ਆਈਜੀ ਮੂਲ ਚੰਦ ਪਵਾਰ ਸਮੇਤ ਹੋਰਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਡੀਸੀ ਨੇ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਐਕਸਗ੍ਰੇਸ਼ੀਆ ਦੇਣ ਅਤੇ ਸ਼ਹੀਦ ਦੀ ਯਾਦ ’ਚ ਪਰਿਵਾਰ ਦੀ ਇੱਛਾ ਅਨੁਸਾਰ ਸਕੂਲ ਜਾਂ ਹੋਰ ਕੋਈ ਯਾਦਗਰ ਬਣਵਾਉਣ ਦਾ ਐਲਾਨ ਕੀਤਾ। ਬੀਬੀ ਭੱਠਲ ਨੇ ਕਿਹਾ ਕਿ ਬਖਸ਼ੀਵਾਲਾ-ਨਦਾਮਪੁਰ ਨਹਿਰ ਨਾਲ ਬਣਨ ਵਾਲੀ ਸੜਕ ਅਤੇ ਗੇਟ ਦਾ ਨਾਂ ਸ਼ਹੀਦ ਦੇ ਨਾਂ ’ਤੇ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ 2017 ਵਿੱਚ ਸੀਆਰਪੀਐੱਫ ’ਚ ਭਰਤੀ ਹੋਇਆ ਸੀ। ਮਿਹਨਤੀ ਹੋਣ ਕਰਕੇ ਉਸ ਨੂੰ 208 ਕੋਬਰਾ ਕਮਾਂਡੋ ’ਚ ਸ਼ਾਮਲ ਕੀਤਾ ਗਿਆ। ਇਸ ਮਗਰੋਂ ਸਿਖਲਾਈ ਲਈ ਪਹਿਲਾਂ ਉਹ ਉੜੀਸਾ ਤੇ ਮੱਧ ਪ੍ਰਦੇਸ਼ ਵਿੱਚ ਤਾਇਨਾਤ ਰਿਹਾ ਅਤੇ ਅੱਜ-ਕੱਲ੍ਹ ਉਸ ਦੀ ਡਿਊਟੀ ਛੱਤੀਸਗੜ੍ਹ ਵਿੱਚ ਲੱਗੀ ਹੋਈ ਸੀ, ਜਿੱਥੇ ਬੀਤੇ ਦਿਨੀਂ ਮਾਓਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਉਹ ਸ਼ਹੀਦ ਹੋ ਗਿਆ।