ਗੁਰਜੰਟ ਕਲਸੀ
ਸਮਾਲਸਰ, 30 ਜੁਲਾਈ
ਚੀਨ ਸਰਹੱਦ ’ਤੇ ਅਰੁਣਾਚਲ ਪ੍ਰਦੇਸ਼ ਵਿਚ ਗਸ਼ਤ ਕਰਦੇ ਸਮੇਂ ਸ਼ਹੀਦ ਹੋਏ ਡੇਮਰੂ ਖੁਰਦ ਦੇ ਫੌਜੀ ਦਾ ਅੱਜ ਉਸ ਦੇ ਪਿੰਡ ਵਿੱਚ ਫੌਜੀ ਤੇ ਸਰਕਾਰੀ ਸਨਮਾਨਾ ਨਾਲ ਸਸਕਾਰ ਕੀਤਾ ਗਿਆ। ਇਸ ਸਮੇਂ ਫੌਜ ਅਤੇ ਸਿਵਲ ਅਫਸਰਾਂ ਨੇ ਸ਼ਰਧਾਂਜਲੀ ਭੇਟ ਕੀਤੀ। ਲਖਵੀਰ ਸਿੰਘ (24 ਸਾਲ) ਪੁੱਤਰ ਸਵਰਨ ਸਿੰਘ 4 ਸਿੱਖ ਲਾਈਟ ਇਨਫੈਂਟਰੀ ਯੂਨਿਟ ਦਾ ਸਿਪਾਹੀ ਸੀ ਅਤੇ ਅਰੁਣਾਚਲ ਪ੍ਰਦੇਸ਼ ਦੇ ਰਿਆਂਗ ਖੇਤਰ ਵਿੱਚ ਨਦੀ ’ਤੇ ਬਣੇ ਆਰਜ਼ੀ ਲੱਕੜ ਦੇ ਪੁਲ ਤੋਂ ਗਸ਼ਤ ਦੌਰਾਨ ਡਿੱਗੇ ਆਪਣੇ ਸਾਥੀ ਨੂੰ ਬਚਾਉਂਦਿਆਂ ਸ਼ਹੀਦ ਹੋ ਗਿਆ ਸੀ। ਅੱਜ ਲਖਵੀਰ ਸਿੰਘ ਦੀ ਵਿਧਵਾ ਨਵਦੀਪ ਕੌਰ, ਮਾਤਾ ਜਸਵੀਰ ਕੌਰ, ਪਿਤਾ ਸਵਰਨ ਸਿੰਘ ਭੈਣਾਂ ਅਤੇ ਰਿਸ਼ਤੇਦਾਰਾਂ ਨੇ ਸ਼ਰਧਾਜਲੀਆਂ ਭੇਟ ਕੀਤੀਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਨੂੰ 50-50 ਲੱਖ ਐਕਸਗ੍ਰੇਸ਼ੀਆ ਗ੍ਰਾਂਟ ਦੇਣ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਸੀ। ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਐਲਾਨ ਕੀਤਾ ਕਿ ਡੇਮਰੂ ਪਿੰਡ ਦੇ ਸ਼ਹੀਦ ਹੋਏ ਫੌਜੀ ਦੀ ਯਾਦਗਾਰ ਬਣਾਈ ਜਾਵੇਗੀ। ਉਹ ਆਪਣੇ ਅਖਤਿਆਰੀ ਫੰਡ ਵਿੱਚੋਂ ਪਿੰਡ ਵਿੱਚ ਪਾਰਕ ਬਣਾਉਣਗੇ ਜਿਸ ਵਿੱਚ ਸ਼ਹੀਦ ਜਵਾਨ ਦਾ ਬੁੱੱਤ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਨੱਥੂਵਾਲਾ ਗਰਬੀ ਤੋਂ ਵਾਇਆ ਡੇਮਰੂ, ਲੰਡੇ, ਸਮਾਲਸਰ ਤੱਕ 18 ਫੁੱਟੀ ਸੜਕ ਵੀ ਸ਼ਹੀਦ ਫੌਜੀ ਨੂੰ ਸਮਰਪਿਤ ਬਣਾਈ ਜਾਵੇਗੀ।