ਸੰਤੋਖ ਗਿੱਲ/ਰਾਮ ਗੋਪਾਲ ਰਾਏਕੋਟੀ
ਗੁਰੂਸਰ ਸੁਧਾਰ/ਰਾਏਕੋਟ, 22 ਅਗਸਤ
ਛੱਤੀਸਗੜ੍ਹ ਦੀ ਬਸਤਰ ਡਵੀਜ਼ਨ ਦੇ ਜ਼ਿਲ੍ਹਾ ਨਰਾਇਣਪੁਰ ਵਿੱਚ ਨਕਸਲੀ ਹਮਲੇ ਵਿੱਚ ਸ਼ਹੀਦ ਹੋਏ ਇੰਡੋ-ਤਿੱਬਤ ਬਾਰਡਰ ਪੁਲੀਸ ਦੇ ਸਹਾਇਕ ਸਬ-ਇੰਸਪੈਕਟਰ ਗੁਰਮੁਖ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਝੋਰੜਾਂ ਵਿੱਚ ਪੂਰੇ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਦੀ ਚਿਖਾ ਨੂੰ ਅਗਨੀ ਉਸ ਦੇ ਪੁੱਤਰ ਗੁਰਨੂਰ ਸਿੰਘ ਨੇ ਦਿਖਾਈ। ਆਈਟੀਬੀਪੀ ਦੀ 45ਵੀਂ ਬਟਾਲੀਅਨ ਦੇ ਸਬ-ਇੰਸਪੈਕਟਰ ਸੁਭਾਸ਼ ਸਿੰਘ ਸਵੇਰੇ ਛੱਤੀਸਗੜ੍ਹ ਤੋਂ ਸ਼ਹੀਦ ਦੀ ਦੇਹ ਲੈ ਕੇ ਪਿੰਡ ਪਹੁੰਚੇ। ਆਈਟੀਬੀਪੀ ਦੇ ਹਥਿਆਰਬੰਦ ਜਵਾਨਾਂ ਦੀ ਟੁਕੜੀ ਨੇ ਹਵਾਈ ਫਾਇਰ ਕਰ ਕੇ ਸ਼ਹੀਦ ਨੂੰ ਸਲਾਮੀ ਦਿੱਤੀ। ਦਿੱਲੀ ਹੈੱਡਕੁਆਰਟਰ ਤੋਂ ਪਹੁੰਚੇ ਡੀਆਈਜੀ ਅੰਗਦ ਪ੍ਰਸ਼ਾਦ ਯਾਦਵ, ਬੱਦੋਵਾਲ ਕੈਂਪ ਦੇ ਕਮਾਂਡਰ ਵਿਸ਼ਾਲ ਮਹਾਤ, ਸਹਾਇਕ ਕਮਾਂਡਰ ਨਿਤੀਸ਼ ਸਿੰਘ ਅਤੇ ਗੌਤਮ ਕੁਮਾਰ ਨੇ ਸ਼ਹੀਦ ਦੀ ਦੇਹ ’ਤੇ ਰੀਥ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ।
ਡੀਆਈਜੀ ਅੰਗਦ ਪ੍ਰਸਾਦ ਯਾਦਵ ਨੇ ਦੱਸਿਆ ਕਿ ਗੁਰਮੁੱਖ ਸਿੰਘ ਆਪਣੇ ਸਹਾਇਕ ਕਮਾਂਡੈਂਟ ਸੁਧਾਕਰ ਸ਼ਿੰਦੇ ਨਾਲ ਅਪਰੇਸ਼ਨ ਦੀ ਅਗਵਾਈ ਕਰ ਰਹੇ ਸਨ ਪਰ ਨਕਸਲੀਆਂ ਦੇ ਵੱਡੇ ਗਰੁੱਪ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ ਜਿਸ ਵਿੱਚ ਦੋਵੇਂ ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਜਲਦੀ ਅਦਾ ਕਰ ਦਿੱਤੀ ਜਾਵੇਗੀ। ਉਨ੍ਹਾਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ।
ਪਰਿਵਾਰ ਲਈ ਸਰਕਾਰੀ ਨੌਕਰੀ ਜਾਂ ਸਹਾਇਤਾ ਰਾਸ਼ੀ ਦੇ ਐਲਾਨ ਤੋਂ ਵੀ ਕੰਨੀ ਕਤਰਾਈ
ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਕਿਸੇ ਵੱਡੇ ਸਿਆਸੀ ਆਗੂ, ਸੰਸਦ ਮੈਂਬਰ ਜਾਂ ਵਿਧਾਇਕ ਸਮੇਤ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਕਿਸੇ ਵੱਡੇ ਅਧਿਕਾਰੀ ਵੱਲੋਂ ਸ਼ਹੀਦ ਦੇ ਸਸਕਾਰ ਮੌਕੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ। ਇਸ ਮੌਕੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਅਤੇ ਡੀਐੱਸਪੀ ਗੁਰਬਚਨ ਸਿੰਘ ਹੀ ਪਹੁੰਚੇ ਪਰ ਵੱਡੇ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਰੜਕਦੀ ਰਹੀ। ਇਸ ਕਾਰਨ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਜਾਂ ਹੋਰ ਸਹੂਲਤਾਂ ਦਾ ਐਲਾਨ ਵੀ ਨਹੀਂ ਹੋ ਸਕਿਆ। ਕਿਸੇ ਸਕੂਲ ਜਾਂ ਮਾਰਗ ਦਾ ਨਾਂ ਸ਼ਹੀਦ ਦੇ ਨਾਮ ਉੱਪਰ ਰੱਖਣ ਬਾਰੇ ਸੁਆਲ ਦਾ ਵੀ ਤਹਿਸੀਲਦਾਰ ਜਾਂ ਡੀਐੱਸਪੀ ਸਪੱਸ਼ਟ ਜੁਆਬ ਨਹੀਂ ਦੇ ਸਕੇ। ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਜਾਂ ਸਹਾਇਤਾ ਰਾਸ਼ੀ ਬਾਰੇ ਵੀ ਅਧਿਕਾਰੀ ਕੁਝ ਕਹਿਣ ਤੋਂ ਬਚਦੇ ਰਹੇ।