ਬੇਅੰਤ ਸਿੰਘ ਸੰਧੂ
ਪੱਟੀ, 16 ਮਈ
ਜਗਰਾਉਂ ਵਿੱਚ ਬੀਤੇ ਦਿਨ ਗੈਂਗਸਟਰਾਂ ਨਾਲ ਹੋਈ ਝੜਪ ਦੌਰਾਨ ਮਾਰੇ ਗਏ ਥਾਣੇਦਾਰ ਦਲਵਿੰਦਰਜੀਤ ਸਿੰਘ ਬੱਬੀ ਦਾ ਅੱਜ ਸੰਗਮਾਂ ਵਿਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਦਲਵਿੰਦਰਜੀਤ ਦੀ ਚਿਖਾ ਨੂੰ ਅਗਨੀ ਉਸ ਦੇ ਬੇਟੇ ਪਾਹੁਲਪ੍ਰੀਤ ਸਿੰਘ ਤੇ ਭਰਾ ਹਰਪ੍ਰੀਤ ਸਿੰਘ ਬੰਟੀ ਸਾਬਕਾ ਸਰਪੰਚ ਨੇ ਦਿਖਾਈ। ਪੁਲੀਸ ਦੀ ਟੁਕੜੀ ਨੇ ਥਾਣੇਦਾਰ ਨੂੰ ਸਲਾਮੀ ਦਿੱਤੀ ਤੇ ਪੰਜਾਬ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ, ਤਰਨ ਤਾਰਨ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ, ਸਾਬਕਾ ਐੱਸਐੱਸਪੀ ਰਘਬੀਰ ਸਿੰਘ ਸੰਧੂ, ਐੱਸਪੀ ਗੁਰਨਾਮ ਸਿੰਘ, ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਧੂਰੀ, ਐੱਸਡੀਐੱਮ ਰਾਜੇਸ਼ ਸ਼ਰਮਾ, ਡੀਐੱਸਪੀ ਪੱਟੀ ਕੁਲਜਿੰਦਰ ਸਿੰਘ, ਡੀਐੱਸਪੀ ਲਖਵਿੰਦਰ ਸਿੰਘ, ਡੀਐੱਸਪੀ ਰਾਜਬੀਰ ਸਿੰਘ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।
ਥਾਣੇਦਾਰ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦਲਵਿੰਦਰਜੀਤ ਸਿੰਘ ਬੱਬੀ ਲਗਪਗ 17 ਸਾਲ ਪਹਿਲਾਂ ਪੁਲੀਸ ਮਹਿਕਮੇ ’ਚ ਭਰਤੀ ਹੋਇਆ ਸੀ। 17 ਮਈ ਨੂੰ ਉਸ ਦਾ 48ਵਾਂ ਜਨਮ ਦਿਨ ਸੀ ਪਰ ਦੋ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ। ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸਜੀਪੀਸੀ ਮੈਂਬਰ ਖੁਸ਼ਿਵੰਦਰ ਸਿੰਘ ਭਾਟੀਆ ਅਤੇ ਇਲਾਕੇ ਦੀਆਂ ਹੋਰ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਇਸੇ ਤਰ੍ਹਾਂ ਬੀਤੇ ਦਿਨ ਜਗਰਾਉਂ ਵਿੱਚ ਮਾਰੇ ਗਏ ਦੂਜੇ ਥਾਣੇਦਾਰ ਏਐੱਸਆਈ ਭਗਵਾਨ ਸਿੰਘ ਦਾ ਵੀ ਅੱਜ ਕੋਠੇ ਅੱਠ ਚੱਕ (ਨਾਨਕਸਰ) ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਭਗਵਾਨ ਸਿੰਘ ਦੇ ਬੇਟੇ ਸੁਖਵਿੰਦਰ ਸਿੰਘ (15) ਨੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ। ਪੁਲੀਸ ਦੀ ਟੁਕੜੀ ਨੇ ਉਸ ਨੂੰ ਸਲਾਮੀ ਦਿੱਤੀ। ਇਸ ਮੌਕੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ, ਪ੍ਰਸ਼ਾਸਨਿਕ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ, ਉਪ-ਮੰਡਲ ਮੈਜਿਸਟਰੇਟ ਨਰਿੰਦਰ ਸਿੰਘ ਧਾਲੀਵਾਲ, ਐੱਸਪੀ ਬਲਵਿੰਦਰ ਸਿੰਘ, ਐੱਸਪੀ ਹਰਿੰਦਰਪਾਲ ਸਿੰਘ ਪਰਮਾਰ, ਡੀਐੱਸਪੀ ਜਤਿੰਦਰਜੀਤ ਸਿੰਘ, ਡੀਐੱਸਪੀ ਰਾਜੇਸ਼ ਕੁਮਾਰ, ਡੀਐੱਸਪੀ ਮਨਦੀਪ ਬੇਦੀ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਥਾਣੇਦਾਰ ਨੂੰ ਸ਼ਰਧਾਂਜਲੀ ਭੇਟ ਕੀਤੀ।