ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 19 ਅਪਰੈਲ
ਦਿੱਲੀ ਸੰਘਰਸ਼ ਵਿੱਚ ਬਿਮਾਰ ਹੋਣ ਕਾਰਨ ਬੀਤੇ ਦਿਨ ਫੌਤ ਹੋਏ ਭਾਰਤੀ ਕਿਸਾਨ ਯੂਨੀਅਤ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਗੁਰਮੇਲ ਸਿੰਘ (63) ਦਾ ਅੱਜ ਬੰਗਾਂਵਾਲੀ ਵਿੱਚ ਸਸਕਾਰ ਕਰ ਦਿੱਤਾ ਗਿਆ। ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਕਾਲਾਝਾੜ, ਅਜੈਬ ਸਿੰਘ ਲੱਖੇਵਾਲ, ਗੁਰਮੀਤ ਸਿੰਘ ਬੰਗਾਂਵਾਲੀ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਪਹਿਲੇ ਦਿਨ ਤੋਂ ਹੀ ਪਰਿਵਾਰ ਸਮੇਤ ਧਰਨੇ ਵਿੱਚ ਸ਼ਮੂਲੀਅਤ ਕਰਦਾ ਆ ਰਿਹਾ ਸੀ। ਉਹ ਕੁਝ ਦਿਨ ਘਰ ਰਹਿ ਕੇ 12 ਅਪਰੈਲ ਨੂੰ ਪਤਨੀ ਜਸਵੰਤ ਕੌਰ ਨਾਲ ਦੁਬਾਰਾ ਦਿੱਲੀ ਗਿਆ ਸੀ। ਉਥੇ ਅਚਾਨਕ ਸਿਹਤ ਵਿਗੜਨ ਕਾਰਨ ਬੀਤੇ ਦਿਨ ਉਸ ਨੂੰ ਰੋਹਤਕ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਅੱਜ ਬਾਅਦ ਦੁਪਹਿਰ ਉਸ ਦੀ ਮ੍ਰਿਤਕ ਦੇਹ ਬੰਗਾਵਾਲੀ ਲਿਆ ਕੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ, ਜਸਵਿੰਦਰ ਸਿੰਘ ਲੀਲਾ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਤੇ ਗੁਰਤੇਜ ਸਿੰਘ ਗਰੇਵਾਲ ਨੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਿਸਾਨ ਸੰਘਰਸ਼ ’ਚ ਸ਼ਾਮਲ ਦੋ ਕਿਸਾਨਾਂ ਦੀਆਂ ਮੌਤਾਂ
ਭਾਦਸੋਂ (ਨਿੱਜੀ ਪੱਤਰ ਪ੍ਰੇਰਕ): ਦਿੱਲੀ ਦੀ ਸਿੰਘੂ ਹੱਦ ’ਤੇ ਸੰਘਰਸ਼ ’ਚ ਸ਼ਾਮਲ ਪਿੰਡ ਕਿਸ਼ਨਗੜ੍ਹ ਗੁਰਥੜੀ ਦੀ 80 ਸਾਲਾ ਔਰਤ ਗੁਰਮੀਤ ਕੌਰ ਪਤਨੀ ਜਸਵੰਤ ਸਿੰਘ ਦੀ ਮੌਤ ਹੋ ਗਈ। ਦੋ ਦਿਨਾਂ ਤੋਂ ਅਚਾਨਕ ਤਬੀਅਤ ਖ਼ਰਾਬ ਹੋਣ ਕਰਕੇ ਉਸ ਨੂੰ ਸਿੰਘੂੁ ਹੱਦ ਤੋਂ ਪਿੰਡ ਕਿਸ਼ਨਗੜ੍ਹ ਲਿਆਂਦਾ ਗਿਆ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਉਸ ਦਾ ਸਸਕਾਰ ਅੱਜ ਕਿਸ਼ਨਗੜ੍ਹ ਗੁਰਥਲੀ ਵਿੱਚ ਕੀਤਾ ਗਿਆ।
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਟਿਕਰੀ ਹੱਦ ’ਤੇ ਡਟੇ ਪਿੰਡ ਸੰਘੇੜਾ ਦੇ ਜਾਗਰ ਸਿੰਘ (75) ਦੀ ਅੱਜ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ। ਮ੍ਰਿਤਕ ਦੀ ਦੇਹ ਬਰਨਾਲਾ ਦੇ ਰਿਲਾਇੰਸ ਮਾਲ ਅੱਗੇ ਰੱਖੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤਕ ਪੀੜਤ ਪਰਿਵਾਰ ਨੂੰ ਮੁਆਵਜ਼ਾ, ਇੱਕ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਨਹੀਂ ਕੀਤਾ ਜਾਂਦਾ ਉਦੋਂ ਤਕ ਉਨ੍ਹਾਂ ਵੱਲੋਂ ਸਸਕਾਰ ਨਹੀਂ ਕੀਤਾ ਜਾਵੇਗਾ।