ਪੱਤਰ ਪ੍ਰੇਰਕ
ਬਠਿੰਡਾ, 20 ਅਗਸਤ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ ਤੇ ਹਸਪਤਾਲ ਵਿੱਚ ਡਾਇਗਨੋਸਟਿਕ ਮਸ਼ੀਨਾਂ ਦੀ ਮੁਰੰਮਤ ਵਾਸਤੇ ਤੁਰੰਤ ਫੰਡ ਜਾਰੀ ਕੀਤੇ ਜਾਣ ਅਤੇ ਇੱਥੇ ਮਾਹਿਰ ਵੀ ਤਾਇਨਾਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਮਰੀਜ਼ ‘ਆਪ’ ਸਰਕਾਰ ਦੇ ਬੇਰੁਖੀ ਵਾਲੇ ਰਵੱਈਏ ਕਾਰਨ ਮੁਸੀਬਤਾਂ ਝੱਲ ਰਹੇ ਹਨ। ਹਸਪਤਾਲ ਵਿੱਚ ਮਸ਼ੀਨਾਂ ਖਰਾਬ ਹੋਣ ਕਾਰਨ ਕੈਂਸਰ ਦੇ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਭਾਅ ’ਤੇ ਟੈਸਟ ਕਰਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਮਰੀਜ਼ਾਂ ਦੀ ਜਾਨ ਨਾਲ ਖੇਡਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਲਈ ਬਿਮਾਰੀ ਦੀ ਪਛਾਣ ਹੋਣ ਵਿੱਚ ਹੋਈ ਦੇਰੀ ਜਾਨ ਲਈ ਖ਼ਤਰਾ ਸਾਬਤ ਹੁੰਦੀ ਹੈ।