ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
‘ਅਦਾਰਾ 23 ਮਾਰਚ’ ਵੱਲੋਂ ਭਲਕੇ 21 ਨਵੰਬਰ ਨੂੰ ਸਵੇਰੇ 11:30 ਵਜੇ ਆਪਣੇ ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ ’ਤੇ ਲਾਈਵ ਪੂਰਨਮਾਸ਼ੀ ਕਥਾ-2 ਕਰਵਾਈ ਜਾ ਰਹੀ ਹੈ। ਸਿਰਮੌਰ ਪੰਜਾਬੀ ਸਿਰਜਕ ਜਸਵੰਤ ਕੰਵਲ ਦੇ 1949 ਵਿੱਚ ਛਪੇ ਪੰਜਾਬ ਦੇ ਮਹਾਨ ਦਸਤਾਵੇਜ਼ ਨਾਵਲ ‘ਪੂਰਨਮਾਸ਼ੀ’ ਦੀ ਪਿਛਲੇ ਵਰ੍ਹੇ 70ਵੀਂ ਵਰ੍ਹੇਗੰਢ ਅਤੇ ਜਸਵੰਤ ਕੰਵਲ ਦੀ ਹਯਾਤੀ ਦੇ 100 ਸਾਲ ਪੂਰੇ ਹੋਣ ’ਤੇ ਢੁੱਡੀਕੇ ਵਿੱਚ ਪੰਜ ਰੋਜ਼ਾ ‘ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ ਬੱਝਿਆ ਸੀ। ਪਹਿਲੀ ਪੂਰਨਮਾਸ਼ੀ ਕਥਾ ਪੰਜਾਬੀ ਸਾਹਿਤਕਾਰ ਸਵਰਾਜਬੀਰ ਨੇ ਕੀਤੀ ਸੀ। ਇਸ ਵਰ੍ਹੇ ਪੂਰਨਮਾਸ਼ੀ ਕਥਾ ਸੰਗਤ ਥੀਏਟਰ ਦੇ ਨਿਰਦੇਸ਼ਕ ਲਾਹੌਰ ਤੋਂ ਹੁਮਾ ਸਫ਼ਦਰ ਕਰਨਗੇ ਅਤੇ ਲਾਹੌਰ ਸਕੂਲ ਆਫ਼ ਇਕਨਾਮਿਕਸ ਦੇ ਪ੍ਰੋ. ਆਇਸ਼ਾ ਨਾਦਿਰ ਅਲੀ ਊਨ੍ਹਾਂ ਦਾ ਸਾਥ ਦੇਣਗੇ। ਇਹ ਕਥਾ ਪੰਜਾਬੀ ਚਿੰਤਨ ਦੀ ਪੋਥੀ ‘ਹੀਰ-ਵਾਰਿਸ ਸ਼ਾਹ’ ਵਿੱਚ ਆਏ ਕਿਰਦਾਰ ਹੀਰ ਦੀ ਨਨਾਣ ਸਹਿਤੀ ’ਤੇ ਕੇਂਦਰਿਤ ਹੋਵੇਗੀ। ‘ਮੰਤਰ ਇਕ ’ਤੇ ਪੁਤਲੀਆਂ ਦੋਇ ਊੱਡਣ: ਸਹਿਤੀ ਵਾਰਿਸ ਸ਼ਾਹ’ ਦੇ ਇਸ ਕਿੱਸੇ ਰਾਹੀਂ ਔਰਤ ਦੇ ਨਜ਼ਰੀਏ ਦਾ ਊਸਾਰ-ਪਾਸਾਰ ਸਮਝਣ ਦਾ ਯਤਨ ਹੋਵੇਗਾ। ਸਵਾਗਤੀ ਸ਼ਬਦ ਜੇਸੀ ਪਰਿੰਦਾ, ਕਥਾ ਬਾਰੇ ਪ੍ਰਭਾਵ ਬਲਵਿੰਦਰ ਗਰੇਵਾਲ, ਹਰਮੀਤ ਵਿਦਿਆਰਥੀ ਤੇ ਬਲਦੇਵ ਸਿੰਘ ਸ਼ੇਰਗਿੱਲ ਤੇ ਸਮਾਪਤੀ ਕਥਨ ਕਾਮਰੇਡ ਸੁਵਰਨ ਸਿੰਘ ਵਿਰਕ ਦੇਣਗੇ। ਸੂਤਰਧਾਰ ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਹੋਣਗੇ।