ਅੰਮ੍ਰਿਤਸਰ: ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਜੱਲ੍ਹਿਆਂਵਾਲਾ ਬਾਗ ਚੇਅਰ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਦੋ ਰੋਜ਼ਾ ਕੌਮੀ ਕਾਨਫਰੰਸ 23 ਤੇ 24 ਅਪਰੈਲ ਨੂੰ ਕਰਵਾਈ ਜਾ ਰਹੀ ਹੈ। ਇਸ ਦਾ ਵਿਸ਼ਾ ‘ਜੱਲ੍ਹਿਆਂਵਾਲਾ ਵਾਲਾ ਬਾਗ: ਅਤੀਤ ਅਤੇ ਵਰਤਮਾਨ’ ਰੱਖਿਆ ਗਿਆ ਹੈ। ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿੱਚ ਹੋਵੇਗੀ। ਇਸ ਦੀਆਂ ਤਿਆਰੀਆਂ ਸਬੰਧੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ ਅਤੇ ਮੀਤ ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਹੇਠ ਇੱਕ ਅਹਿਮ ਇਕੱਤਰਤਾ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿੱਚ ਸਾਰੇ ਸਾਥੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਰਮੇਸ਼ ਯਾਦਵ ਨੇ ਦੱਸਿਆ ਕਿ ਕਾਨਫਰੰਸ ਦਾ ਆਰੰਭ 23 ਅਪਰੈਲ ਨੂੰ ਸਵੇਰੇ 10 ਵਜੇ ਲੇਖਕ ਸੰਘ ਦੇ ਪੰਜਾਬ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ ਦੇ ਸੁਆਗਤੀ ਸ਼ਬਦਾਂ ਨਾਲ ਹੋਵੇਗਾ ਅਤੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਡਾ. ਅਰਵਿੰਦ ਕਰਨਗੇ ਜਦਕਿ ਮੁੱਖ ਮਹਿਮਾਨ ਵਜੋਂ ਡਾ. ਸਵਰਾਜਬੀਰ ਸ਼ਾਮਲ ਹੋਣਗੇ। -ਟਨਸ