ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜਨਵਰੀ
ਇੱਥੇ ਅੱਜ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਸੀਨੀਅਰ ਕਾਂਗਰਸੀ ਆਗੂ ਅਮਿਤ ਸਿੰਘ ਮੰਟਾ, ਸਮਾਜ ਸੇਵੀ ਅਮਨਦੀਪ ਸਿੰਘ ਸੰਧੂ ਅਤੇ ਰੋਪੜ ਸ਼ਹਿਰ ਦੇ ਸਮਾਜਸੇਵੀ ਅਤੇ ਜਨ ਸੰਘ ਨਾਲ ਜੁੜੇ ਵਿਜੈ ਗਰਗ ਤੇ ਵਿਕਾਸ ਗਰਗ ‘ਆਪ’ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਦਾ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਆਗਤ ਕੀਤਾ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਹਾਜ਼ਰ ਸਨ। ਮੰਟਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਦੇ ਅਹੁਦੇ ’ਤੇ ਰਹਿ ਚੁੱਕੇ ਹਨ ਅਤੇ ਉਹ ਪੰਜਾਬ ਯੂਥ ਰਾਜਪੂਤ ਸਭਾ ਪੰਜਾਬ ਦੇ ਪ੍ਰਧਾਨ ਹਨ। ਇਸੇ ਤਰ੍ਹਾਂ ਸੁਜਾਨਪੁਰ ਦੇ ਸਮਾਜਸੇਵੀ ਅਮਨਦੀਪ ਸਿੰਘ ਸੰਧੂ ਵੀ ਸਾਥੀਆਂ ਸਮੇਤ ‘ਆਪ’ ਦੇ ਪਰਿਵਾਰ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਇੰਗਲੈਂਡ ਤੋਂ ਲਾਅ ਦੀ ਪੜ੍ਹਾਈ ਕੀਤੀ ਹੈ। ਸ੍ਰੀ ਸੰਧੂ ਦੇ ਪਿਤਾ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ 10 ਸਾਲ ਸਕੱਤਰ ਅਤੇ ਵਰਲਡ ਸਿੱਖ ਫਾਊਂਡੇਸ਼ਨ ਦੇ ਜਨਰਲ ਸਕੱਤਰ ਰਹੇ ਹਨ ਜਦਕਿ ਮਾਤਾ ਭਾਜਪਾ ਦੇ ਕਿਸਾਨ ਮੋਰਚੇ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਭਾਜਪਾ ਮਹਿਲਾ ਮੋਰਚਾ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਵੀ ਰਹੇ ਹਨ।
ਇਸ ਤੋਂ ਇਲਾਵਾ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਐੱਚਪੀਐੱਸ ਰਾਹੀ ਅਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਰਨੀ ਮੈਂਬਰ ਦਲਪ੍ਰੀਤ ਸਿੰਘ ਬਾਠ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ।