ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਸਤੰਬਰ
ਪਟਿਆਲਾ ਦਿਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਦੇ ਐਲਾਨ ਦਾ ਪੇਚ ਫਸ ਗਿਆ ਹੈ। 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀਟ ’ਤੇ ਚੋਣ ਲੜ ਚੁੱਕੇ ਸਤਬੀਰ ਸਿੰਘ ਖੱਟੜਾ ਦੀ ਟਿਕਟ ਦਾ ਰਾਹ ਰੋਕਣ ਲਈ ਪਾਰਟੀ ਦੇ ਦੋ ਹੋਰ ਆਗੂ ਸਰਗਰਮ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦਿਹਾਤੀ ਤੋਂ ਚੋਣ ਲੜਨ ਲਈ ਹੁਣ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਛੋਟੇ ਭਰਾ ਐੱਨਆਰਆਈ ਚਰਨਜੀਤ ਸਿੰਘ ਰੱਖੜਾ ਨੇ ਦਾਅਵਾ ਠੋਕਿਆ ਹੈ, ਹਾਲਾਂਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ ਸੁਰਜੀਤ ਸਿੰਘ ਰੱਖੜਾ ਨੂੰ ਸਮਾਣਾ ਹਲਕੇ ਤੋਂ ਟਿਕਟ ਦਿੱਤੀ ਜਾ ਚੁੱਕੀ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਵੱਲੋਂ ਵੀ ਇਸ ਸੀਟ ’ਤੇ ਚੋਣ ਲੜਨ ਲਈ ਟਿਕਟ ਲੈਣ ਵਾਸਤੇ ਜ਼ੋਰ ਲਾਇਆ ਜਾ ਰਿਹਾ ਹੈ, ਹਾਲਾਂਕਿ ਇਹ ਦਾਅਵਾ ਹਾਲੇ ਜਨਤਕ ਤੌਰ ’ਤੇ ਨਹੀਂ ਕੀਤਾ ਜਾ ਰਿਹਾ। ਇਸ ਹਲਕੇ ਤੋਂ ਟਿਕਟ ਸਤਬੀਰ ਸਿੰਘ ਖੱਟੜਾ ਨੂੰ ਦੇਣ ਦੇ ਰਾਹ ਵਿੱਚ ਇਹ ਦੋਵੇਂ ਜਣੇ ਅੜਿੱਕਾ ਬਣ ਰਹੇ ਹਨ। ਸਿਆਸੀ ਹਲਕਿਆਂ ’ਚ ਚਰਚਾ ਇਹ ਵੀ ਹੈ ਕਿ ਸਤਬੀਰ ਸਿੰਘ ਖੱਟੜਾ ਦੇ ਪਿਤਾ ਸਾਬਕਾ ਆਈਪੀਐੱਸ ਰਣਬੀਰ ਸਿੰਘ ਖੱਟੜਾ ਦੀ ਵਫ਼ਾਦਾਰੀ ਕਰਕੇ ਇਹ ਟਿਕਟ ਮੁੜ ਸਤਬੀਰ ਸਿੰਘ ਖੱਟੜਾ ਨੂੰ ਮਿਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਹਲਕੇ ਵਿਚ ਪਿਛਲੀ ਚੋਣ ਸਤਬੀਰ ਸਿੰਘ ਖੱਟੜਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਲੜੇ ਸਨ। ਇਸ ਤੋਂ ਪਹਿਲਾਂ ਉਹ ਇਸੇ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜ ਚੁੱਕੇ ਹਨ। ਉਸੇ ਵੇਲੇ ਹਰਮੇਲ ਸਿੰਘ ਟੌਹੜਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ। ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਵੱਲੋਂ ਹਲਕੇ ਵਿੱਚ ਕਰਵਾਏ ਕੰਮਾਂ ਅਤੇ ਉਨ੍ਹਾਂ ਦੀ ਵਫ਼ਾਦਾਰੀ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਟਿਕਟ ਉਨ੍ਹਾਂ ਨੂੰ ਹੀ ਦੇਣਗੇ। ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੇ ਕਿਹਾ ਹੈ ਕਿ ਉਨ੍ਹਾਂ ਇਸ ਹਕਲੇ ਵਿਚ ਬਹੁਤ ਕੰਮ ਕੀਤਾ ਹੈ। ਇਸ ਕਰਕੇ ਪਾਰਟੀ ਪ੍ਰਧਾਨ ਖ਼ੁਦ ਜਾਣਕਾਰ ਹਨ ਕਿ ਕਿਸ ਨੂੰ ਕੀ ਹੱਕ ਦੇਣਾ ਹੈ।