ਐਨਪੀ ਧਵਨ
ਪਠਾਨਕੋਟ, 6 ਜੂਨ
ਵਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਵਲੋਂ ਅੱਜ ਇਥੇ ਮੈਂਬਰ ਪਾਰਲੀਮੈਂਟ ਸਨੀ ਦਿਓਲ ਦੀ ਕੋਠੀ ਅੱਗੇ ਕੜਕਦੀ ਧੁੱਪ ਵਿੱਚ ਪਾਣੀ ਵਿੱਚ ਪਕੌੜੇ ਤਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਵਿੱਚ ਨਿਤਿਨ ਸੈਣੀ, ਸੌਰਭ ਮਹਾਜਨ, ਕਮਲ, ਦੀਪਕ, ਵਿਸ਼ਾਲ, ਅਭਿਸ਼ੇਕ, ਰਾਹੁਲ ਸੈਣੀ, ਸਾਹਿਲ, ਪ੍ਰਵੀਨ, ਰਿਤਿਕ ਆਦਿ ਸ਼ਾਮਲ ਸਨ। ਇਸ ਦੌਰਾਨ ਯੂਥ ਆਗੂਆਂ ਨੇ ਕੜਾਹੀ ਵਿੱਚ ਪਾਣੀ ਪਾ ਕੇ ਪਕੌੜੇ ਤਲੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਡੱਬਿਆਂ ਵਿੱਚ ਪੈਕ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਭੇਜਣ ਲਈ ਕੋਠੀ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੌਂਪਣ ਕੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਮੁਲਾਜ਼ਮਾਂ ਨੇ ਡੱਬੇ ਲੈਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ, ਜਿਨ੍ਹਾਂ ਉਪਰ ਲਿਖਿਆ ਹੋਇਆ ਸੀ ‘ਬਹੁਤ ਹੋਈ ਮਹਿੰਗਾਈ ਦੀ ਮਾਰ, ਅਸਤੀਫਾ ਦਿਉ ਮੋਦੀ ਸਰਕਾਰ’।
ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਰੁਣ ਕੋਹਲੀ ਅਤੇ ਸਿਟੀ ਜਨਰਲ ਸਕੱਤਰ ਅੰਕਿਤ ਮਹਿਰਾ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਸਰ੍ਹੋਂ ਦੇ ਤੇਲ ਦਾ ਰੇਟ ਵਧ ਕੇ 185 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਜਿਸ ਨਾਲ ਗਰੀਬ ਆਦਮੀ ਨੂੰ ਆਪਣੇ ਘਰ ਵਿੱਚ ਰੋਟੀ ਬਣਾਉਣੀ ਵੀ ਮੁਸ਼ਕਲ ਹੋ ਗਈ ਹੈ। ਇਸੇ ਕਰਕੇ ਪਾਣੀ ਵਿੱਚ ਪਕੌੜੇ ਤਲੇ ਜਾ ਰਹੇ ਹਨ। ਇਕੱਲਾ ਇਹ ਹੀ ਨਹੀਂ ਸਗੋਂ ਰਸੋਈ ਗੈਸ ਦੇ ਭਾਅ ਵੀ ਦੁੱਗਣੇ ਤਿੱਗਣੇ ਕਰ ਦਿੱਤੇ ਗਏ ਹਨ। ਪੈਟਰੋਲ ਅਤੇ ਡੀਜ਼ਲ ਦੇ ਭਾਅ ਵੀ ਰੋਜ਼ ਵਧਾਏ ਜਾ ਰਹੇ ਹਨ, ਜੋ ਅਸਮਾਨ ਨੂੰ ਛੂਹ ਰਹੇ ਹਨ। ਜਦੋਂਕਿ ਦੇਸ਼ ਦਾ ਪ੍ਰਧਾਨ ਮੰਤਰੀ ਮਹਿੰਗਾਈ ਉਪਰ ਕਾਬੂ ਪਾਉਣ ਦੀ ਬਜਾਏ ਢੀਠ ਹੋ ਕੇ ਇਹ ਕਹਿ ਰਿਹਾ ਹੈ ਕਿ ਜੇਕਰ ਮਹਿੰਗਾਈ ਹੋਏਗੀ ਤਾਂ ਟੈਕਸ ਵੀ ਜ਼ਿਆਦਾ ਇਕੱਤਰ ਹੋਵੇਗਾ ਜੋ ਕਿ ਦੇਸ਼ ਦੇ ਵਿਕਾਸ ਲਈ ਕੰਮ ਆਵੇਗਾ। ਉਨ੍ਹਾਂ ਸਨੀ ਦਿਓਲ ਉਪਰ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਇਹ ਵੀ ਮਹਿੰਗਾਈ ਨੂੰ ਕਾਬੂ ਪਾਉਣ ਲਈ ਕੇਂਦਰ ਵਿੱਚ ਕੁਝ ਨਹੀਂ ਕਰ ਰਿਹਾ ਅਤੇ ਕੋਵਿਡ ਮਹਾਮਾਰੀ ਦੌਰਾਨ ਇਹ ਹਲਕੇ ਅੰਦਰ ਵੜਿਆ ਤੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਛੜੱਪੇ ਮਾਰ ਕੇ ਵਧ ਰਹੀ ਹੈ ਪਰ ਕਿਸੇ ਵੇਲੇ ਮਹਿੰਗਾਈ ਵਿਰੁੱਧ ਹਾਹਾਕਾਰ ਕਰਨ ਵਾਲੀ ਸਿਮਰਿਤੀ ਇਰਾਨੀ ਪਤਾ ਨਹੀਂ ਕਿੱਥੇ ਗੁਮ ਹੋ ਗਈ ਹੈ। ਉਨ੍ਹਾਂ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਨਿੱਤ ਵਾਧਾ ਕੀਤਾ ਜਾ ਰਿਹਾ ਹੈ ਪਰ ਇਸ ਵਿਰੁੱਧ ਭਾਜਪਾ ਦਾ ਕੋਈ ਵੀ ਆਗੂ ਬੋਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਆਮ ਵਰਗੇ ਹਾਲਾਤ ਪੈਦਾ ਨਹੀਂ ਕਰ ਸਕਦਾ ਤਾਂ ਉਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਦੇਣ ਚਾਹੀਦੀ ਹੈ।