ਬੀਰਬਲ ਰਿਸ਼ੀ
ਸ਼ੇਰਪੁਰ, 17 ਅਗਸਤ
ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਪੰਡਤ ਬਚਨ ਸਿੰਘ ਘਨੌਰ ਦੇ ਹੱਕੀ ਮੰਗਾਂ ਲਈ ਵਾਟਰ ਵਰਕਸ ’ਤੇ ਚੜ੍ਹੇ ਪੋਤਰਿਆਂ ਪਰਮਜੀਤ ਸਿੰਘ ਅਤੇ ਕਰਮਜੀਤ ਸਿੰਘ ਨੂੰ ਅੱਜ ਤੀਜੇ ਦਿਨ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਨੇ ਟੈਂਕੀ ਤੋਂ ਹੇਠਾਂ ਉਤਾਰ ਲਿਆ। ਦੋਵੇਂ ਧਿਰਾਂ ’ਚ ਸਾਲਸੀ ਦੀ ਭੂਮਿਕਾ ਨਿਭਾਉਂਦਿਆਂ ‘ਆਪ’ ਦੇ ਆਗੂ ਸੰਦੀਪ ਸਿੰਗਲਾ, ਸਰਪੰਚ ਭੀਲਾ ਸਿੰਘ ਤੇ ਕਿਸਾਨ ਆਗੂ ਜਸਵਿੰਦਰ ਘਨੌਰ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੇ ਹੋਰ ਮੰਗਾਂ ਦੇ ਹੱਲ ਲਈ ਡੀਸੀ ਸੰਗਰੂਰ ਨਾਲ ਮੀਟਿੰਗ ਕਰਵਾਏ ਜਾਣ ਲਈ ਰਾਜ਼ੀ ਕਰ ਲਿਆ। ਇਹ ਦੋਵੇਂ ਨੌਜਵਾਨ ਸਰਕਾਰੀ ਨੌਕਰੀ, ਘਰ ਪਾ ਕੇ ਦੇਣ ਅਤੇ ਆਰਥਿਕ ਸਹਾਇਤਾ ਦੀ ਮੰਗ ਮਨਵਾਏ ਜਾਣ ਲਈ 15 ਅਗਸਤ ਨੂੰ ਪਿੰਡ ਦੀ ਟੈਂਕੀ ’ਤੇ ਚੜ੍ਹੇ ਸਨ। ਪਹਿਲੇ ਦਿਨ ਤੋਂ ਮਸਲੇ ਨੂੰ ਸਮੇਟਣ ਲਈ ਕੋਸ਼ਿਸ਼ਾਂ ਕਰ ਰਹੇ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਨੇ ਅੱਜ ਸ਼ਾਮ ਮੁੜ ਨੌਜਵਾਨਾਂ ਨਾਲ ਸਾਲਸੀਆਂ ਰਾਹੀਂ ਗੱਲਬਾਤ ਕੀਤੀ। ਪਿੰਡ ਦੇ ਪਤਵੰਤਿਆਂ ਦੀ ਕਮੇਟੀ ਵੀ ਨੌਜਵਾਨਾਂ ਦੀਆਂ ਮੰਗਾਂ ਦੀ ਪੈਰਵੀ ਕਰੇਗੀ। ਐੱਸਡੀਐੱਮ ਨੇ ਦੱਸਿਆ ਕਿ ਪਰਮਜੀਤ ਸਿੰਘ ਤੇ ਕਰਮਜੀਤ ਸਿੰਘ ਟੈਂਕੀ ਤੋਂ ਉਤਾਰ ਲਿਆ ਹੈ ਅਤੇ ਉਹ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਏ ਜਾਣ ਲਈ ਪਤਵੰਤਿਆਂ ਸਣੇ ਜਾ ਰਹੇ ਹਨ।
ਮਾਮਲਾ ਵਿਧਾਨ ਸਭਾ ’ਚ ਉਠਾਵਾਂਗਾ: ਚੀਮਾ
ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਆਜ਼ਾਦੀ ਘੁਲਾਟੀਆਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਸਰਕਾਰੀ ਨੌਕਰੀ ਅਤੇ ਲੋੜੀਂਦੀਆਂ ਸਹੂਲਤਾਂ ਦਾ ਮਾਮਲਾ ਵਿਧਾਨ ਸਭਾ ਸੈਸ਼ਨ ਵਿੱਚ ਉਠਾਉਣਗੇ।