ਐੱਸਏਐੱਸ ਨਗਰ (ਮੁਹਾਲੀ): ਪੰਜਾਬ ਸਰਕਾਰ ਨੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਹੈਪੇਟਾਈਟਸ ‘ਬੀ’ ਦਾ ਮੁਫ਼ਤ ਇਲਾਜ ਤੇ ਟੈਸਟਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਇਸ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਾਰੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਐਂਟੀ ਰੀਟਰੋਵਾਇਰਲ ਟਰੀਟਮੈਂਟ (ਏਆਰਟੀ), ਓਰਲ ਸਬਸਟੀਚਿਊਸ਼ਨ ਥੈਰੇਪੀ (ਓਐਸਟੀ) ਕੇਂਦਰਾਂ ਵਿੱਚ ਹੈਪੇਟਾਈਟਸ ਬੀ ਸਕਰੀਨਿੰਗ ਟੈੱਸਟ ਸ਼ੁਰੂ ਕੀਤੇ ਜਾ ਰਹੇ ਹਨ। ਹੈਪੇਟਾਈਟਸ ਬੀ ਵਾਇਰਲ ਲੋਡ ਟੈਸਟਿੰਗ ਦੀ ਸਹੂਲਤ 27 ਸੈਂਟਰਾਂ ਵਿੱਚ ਮੁਫ਼ਤ ਦਿੱਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਓਨਕੁਐਸਟ ਲੈਬਾਰਟਰੀ ਦੇ ਨਾਲ ਰੇਟ ਸਬੰਧੀ ਇਕਰਾਰਨਾਮਾ ਕੀਤਾ ਗਿਆ ਹੈ,ਜਿਸ ਤਹਿਤ ਉਨ੍ਹਾਂ ਹਰੇਕ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਲਈ ਇਕ ਲੈਬਾਰਟਰੀ ਟੈਕਨੀਸ਼ੀਅਨ ਪ੍ਰਦਾਨ ਕੀਤਾ ਹੈ। -ਪੱਤਰ ਪ੍ਰੇਰਕ