ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਦਸੰਬਰ
ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੀ ਤਰਜਮਾਨ ਅਲਕਾ ਲਾਂਬਾ ਪੰਜਾਬ ਦੇ 2 ਰੋਜ਼ਾ ਦੌਰੇ ’ਤੇ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਆਖਿਆ ਕਿ ਉਹ ਕਥਿਤ ‘ਮਹਾਂਠੱਗ’ ਹਨ ਤੇ ਉਹ ਜਿਹੜੇ ਦਾਅਵੇ ਪੰਜਾਬ ’ਚ ਕਰ ਰਹੇ ਹਨ, ਓਹੀ ਉਨ੍ਹਾਂ ਦਿੱਲੀ ’ਚ ਕੀਤੇ ਸਨ, ਜੋ ਹੁਣ ਉਥੋਂ ਦੇ ਲੋਕ ਭੁਗਤ ਰਹੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ’ਚ ਮੁਫ਼ਤ ਬਿਜਲੀ ਹੀ ਸਭ ਤੋਂ ਵੱਡੀ ਠੱਗੀ ਹੈ। ਉਥੇ ਹਰ ਵਿਅਕਤੀ ਨੂੰ 2000 ਰੁਪਏ ਮਹੀਨਾ ਬਿੱਲ ਦੇਣਾ ਪੈ ਰਿਹਾ ਹੈ। ਦਿੱਲੀ ’ਚ ਹਵਾ, ਪਾਣੀ ਦੂਸ਼ਿਤ ਹੈ ਤੇ ਅਪਰਾਧ ਸਿਖਰ ’ਤੇ ਹੈ। ਇਹੀ ਨਹੀਂ ਦਿੱਲੀ ’ਚ ਇੱਕ ਸਾਲ ਤੋਂ ਲੋਕਪਾਲ ਹੀ ਨਹੀਂ ਲਾਇਆ ਗਿਆ ਹੈ ਅਤੇ ਇਨ੍ਹਾਂ ਦੇ ਹੀ 87 ਵਿਧਾਇਕਾਂ ਖਿਲ਼ਾਫ਼ ਮਾਮਲਿਆਂ ਦੀ ਸੁਣਵਾਈ ਬਕਾਇਆ ਹੈ। ਸ੍ਰੀ ਕੇਜਰੀਵਾਲ ਪੰਜਾਬ ’ਚ ਧੀਆਂ ਨੂੰ 1 ਹਜ਼ਾਰ ਰੁਪਏ ਭੱਤਾ ਦੇਣ ਦੀ ਗੱਲ ਕਰ ਰਹੇ ਹਨ, ਪਰ ਦਿੱਲੀ ’ਚ ਅਜਿਹਾ ਕਿਉਂ ਨਹੀਂ ਕਰਦੇ ਹਨ। ਪੰਜਾਬ ਦੇ ਲੋਕਾਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਉਹ ਪਹਿਲਾਂ ਦਿੱਲੀ ’ਚ ਕੈਬਨਿਟ ਮੀਟਿੰਗ ਸੱਦਣ ਤੇ ਉਥੋਂ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਭੱਤਾ ਦੇਣ। ਫਿਰ ਫਰਵਰੀ ’ਚ ਆ ਕੇ ਵੋਟ ਲੈ ਲੈਣ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਦੇਸ਼ ਦਾ ਢਿੱਡ ਭਰਦੇ ਹਨ ਤਾਂ ਇਥੇ ਅਜਿਹੇ ਐਲਾਨਾਂ ਦੀ ਕੀ ਲੋੜ ਹੈ। ਉਨ੍ਹਾਂ ਆਖਿਆ ਕਿ ਜੇਕਰੀਵਾਲ ਜਿਹੜੇ ਬਿੱਲ ਲੈ ਕੇ ਆਏ ਸਨ, ਉਹ ਸਿਰਫ਼ ਸਰਦੀ ਦੇ ਤਿੰਨ ਮਹੀਨਿਆਂ ਦੇ ਬਿੱਲ ਸਨ। ਬਾਕੀ ਦੇ 9 ਮਹੀਨਿਆਂ ਦੇ ਬਿੱਲ ਵੀ ਲੈ ਕੇ ਆਉਂਦੇ। ਕਿਉਂਕਿ ਦਿੱਲੀ ’ਚ 200 ਯੂਨਿਟ ਮੁਫ਼ਤ, 201 ’ਤੇ ਅੱਧਾ ਬਿੱਲ ਅਤੇ 401 ’ਤੇ 6 ਰੁਪਏ 50 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਸੇ ਲਏ ਜਾ ਰਹੇ ਹਨ। ਗਰਮੀ ’ਚ ਹਰ ਵਿਅਕਤੀ ਨੂੰ 2000 ਰੁਪਏ ਬਿੱਲ ਦੇਣਾ ਹੀ ਪੈਂਦਾ ਹੈ।
‘ਆਪ’ ਵੱਲੋਂ ਚੰਨੀ ਦਾ ਰਿਪੋਰਟ ਕਾਰਡ ਧੋਖਾ ਕਰਾਰ
ਚੰਡੀਗੜ੍ਹ (ਟਨਸ): ‘ਆਪ’ ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੇਸ਼ ਕੀਤੀ ਗਈ ਕਾਂਗਰਸ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ (ਰਿਪੋਰਟ ਕਾਰਡ) ਨੂੰ ਝੂਠ ਦਾ ਪੁਲੰਦਾ ਅਤੇ ਪੰਜਾਬੀਆਂ ਨਾਲ ਧੋਖਾ ਕਰਾਰ ਦਿੱਤਾ ਹੈ। ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੂੰ 72 ਦਿਨਾਂ ਦੀ ਨਹੀਂ ਸਗੋਂ ਆਪਣੇ 5 ਸਾਲਾਂ ਦੀ ਸਮੁੱਚੀ ਕਾਰਗੁਜ਼ਾਰੀ ਪੰਜਾਬ ਵਾਸੀਆਂ ਅੱਗੇ ਪੇਸ਼ ਕਰਨੀ ਚਾਹੀਦੀ ਹੈ। ‘ਆਪ’ ਵਿਧਾਇਕ ਜੈ ਸਿੰਘ ਰੋੜੀ, ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਐਡੋਵੇਕਟ ਦਿਨੇਸ਼ ਚੱਢਾ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਮੌਕੇ ਵਿਧਾਇਕ ਰੋੜੀ ਨੇ ਕਿਹਾ ਕਿ ਮੁੱਖ ਮੰਤਰੀ ਨੇ 72 ਦਿਨਾਂ ਦੀ ਕਾਰਗੁਜ਼ਾਰੀ ਪੇਸ਼ ਕਰਨ ਦੇ ਨਾਂ ’ਤੇ ਪੰਜਾਬ ਵਾਸੀਆਂ ਨੂੰ ਠੱਗਣ ਦਾ ਕੋਝਾ ਯਤਨ ਕੀਤਾ ਹੈ, ਕਿਉਂਕਿ ਕਾਂਗਰਸ ਸਰਕਾਰ ਨੇ ਹੁਣ ਤੱਕ ਨਾ ਤਾਂ ਬਿਜਲੀ ਬਿੱਲ ਮੁਆਫ਼ ਕੀਤੇ, ਨਾ ਪਾਣੀ ਸਸਤਾ ਕੀਤਾ, ਨਾ ਰੇਤਾ ਸਸਤਾ ਕੀਤਾ ਤੇ ਨਾ ਹੀ ਸੂਬੇ ’ਚੋਂ ਨਸ਼ਾ, ਸ਼ਰਾਬ, ਟਰਾਂਸਪੋਰਟ ਮਾਫ਼ੀਆ ਖ਼ਤਮ ਹੋਇਆ ਹੈ। ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਉਹ ਬਿਜਲੀ ਬਿੱਲ ਦਿਖਾ ਰਹੇ ਹਨ, ਜੋ ਐੱਸਸੀ/ਬੀਸੀ ਸ਼੍ਰੇਣੀਆਂ ਨੂੰ ਇੱਕ ਕਿੱਲੋਵਾਟ ਲੋਡ ਤੱਕ ਦਾ 200 ਬਿਜਲੀ ਯੂਨਿਟਾਂ ਮੁਆਫ਼ ਕਰਨ ਦੀ ਸਹੂਲਤ ਤਹਿਤ ਆਉਂਦਾ ਹੈ ਤੇ ਇਹ ਯੋਜਨਾ ਕਾਂਗਰਸ ਸਰਕਾਰ ਤੋਂ ਪਹਿਲਾਂ ਦੀ ਸੂਬੇ ’ਚ ਲਾਗੂ ਹੈ। ਮੁੱਖ ਮੰਤਰੀ ਵੱਲੋਂ ਜ਼ੀਰੋ ਕੀਮਤ ਦਾ ਬਿਜਲੀ ਬਿੱਲ ਦਿਖਾਉਣ ਬਾਰੇ ਜੈ ਸਿੰਘ ਰੋੜੀ ਨੇ ਕਿਹਾ ਕਿ ਅੱਜ ਵੀ ਪੰਜਾਬੀਆਂ ਨੂੰ ਬਿਜਲੀ ਦੇ ਬਿੱਲ ਐਨੇ ਜ਼ਿਆਦਾ ਆ ਰਹੇ ਹਨ ਕਿ ਬਿੱਲ ਅਦਾ ਕਰਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ।