ਪੱਤਰ ਪ੍ਰੇਰਕ
ਰੂਪਨਗਰ, 13 ਜੂਨ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਐੱਸਐੱਸਪੀ ਰੂਪਨਗਰ ਨੂੰ ਦਿੱਤੇ ਹੁਕਮਾਂ ਤਹਿਤ ਪੁਲੀਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਕਾਂਗਰਸੀ ਆਗੂ ਤੇ ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਵਿਜੈ ਸ਼ਰਮਾ ਟਿੰਕੂ ਤੇ ਸਾਬਕਾ ਈਓ ਗੁਰਬਖਸ਼ੀਸ਼ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਐੱਸਐੱਸਪੀ ਰੂਪਨਗਰ ਨੇ ਕਮਿਸ਼ਨ ਨੂੰ ਅੱਜ ਲਿਖੇ-ਪੱਤਰ ਰਾਹੀਂ ਦੱਸਿਆ ਕਿ ਥਾਣਾ ਸਿਟੀ ਮੋਰਿੰਡਾ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਜੈ ਸ਼ਰਮਾ ਟਿੰਕੂ ਤੇ ਸਾਬਕਾ ਕਾਰਜ ਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਕੌਂਸਲ ਵੱਲੋਂ ਅਨੁਸੂਚਿਤ ਜਾਤੀ ਨਾਲ ਸਬੰਧਤ ਇੱਕ ਅਧਿਆਪਕਾ ਦੀ ਭਰਤੀ ਕੀਤੀ ਜਾਣੀ ਸੀ, ਪਰ ਕੌਂਸਲ ਵੱਲੋਂ ਜਨਰਲ ਵਰਗ ਦੀ ਇੱਕ ਮਹਿਲਾ ਨੂੰ ਚੁਣ ਲਿਆ ਗਿਆ। ਇਸ ਸਬੰਧੀ ਉਮੀਦਵਾਰ ਗੁਰਧਿਆਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦਸਮੇਸ਼ ਨਗਰ ਮੋਰਿੰਡਾ ਨੇ ਇਨਸਾਫ਼ ਦੀ ਮੰਗ ਕੀਤੀ ਸੀ। ਸਥਾਨਕ ਸਰਕਾਰਾਂ ਵਿਭਾਗ ਤੇ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਕਾਰਜਸਾਧਕ ਅਫਸਰ ਅਤੇ ਲੇਖਾਕਾਰ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਚੁੱਕੀ ਹੈ।